ਵੀ ਆਈ ਪੀ ਰੋਡ ’ਤੇ ਲੱਗੇ ਧਰਨੇ ਕਾਰਨ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ
ਮਾਨਸਾ ’ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਜਗ੍ਹਾ-ਜਗ੍ਹਾ ਤੋਂ ਸੜਕ ਟੁੱਟ ਜਾਣ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਸ਼ਹਿਰ ਦੇ ਵਾਰਡ ਨੰਬਰ-6 ਦੇ ਵਾਸੀਆਂ ਨੇ ‘ਵੀਆਈਪੀ’ ਰੋਡ ’ਤੇ ਧਰਨਾ ਲਗਾਇਆ ਅਤੇ ਪ੍ਰਦਰਸ਼ਨ ਕੀਤਾ। ਇਸ ਧਰਨੇ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਬਾਅਦ ਵਿੱਚ ਅਧਿਕਾਰੀਆਂ ਨੇ ਧਰਨੇ ਵਿੱਚ ਪਹੁੰਚ ਕੇ ਭਰੋਸਾ ਦਿੱਤਾ ਤਾਂ ਧਰਨਾ ਚੁੱਕਿਆ ਗਿਆ। ਇਸ ਧਰਨੇ ਕਾਰਨ ਰਾਹਗੀਰਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨੀ ਪਈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਮਾਨਸ਼ਾਹੀਆਂ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਡ ’ਤੇ ਸਕੂਲ ਪੈਂਦਾ ਹੈ, ਜਿਸ ਵਿੱਚ ਕਰੀਬ 4 ਹਜ਼ਾਰ ਬੱਚੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਪਾਣੀ ਸੜਕ ’ਤੇ ਭਰਿਆ ਹੋਣ ਕਰਕੇ ਬੱਚਿਆਂ ਅਤੇ ਮਾਪਿਆਂ ਦਾ ਸਕੂਲ ਆਉਣਾ-ਜਾਣਾ ਔਖਾ ਹੁੰਦਾ ਹੈ। ਇਸ ਕਾਰਨ ਸਾਰਾ ਰਾਹ ਬੰਦ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਅਨੇਕਾਂ ਬੱਚੇ ਇਸ ਕਾਰਨ ਜ਼ਖ਼ਮੀ ਵੀ ਹੋ ਚੁੱਕੇ ਹਨ। ਧਰਨੇ ਵਿੱਚ ਸੀਵਰੇਜ ਬੋਰਡ ਦੇ ਐੱਸ.ਡੀ.ਓ ਮਨਪ੍ਰੀਤ ਸਿੰਘ, ਜੇ.ਈ ਮਨਦੀਪ ਸਿੰਘ ਨੇ ਪਹੁੰਚ ਕੇ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਸੜਕ ’ਤੇ ਖੜ੍ਹਾ ਸੀਵਰੇਜ ਦਾ ਪਾਣੀ ਸਾਫ ਕਰਕੇ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇ ਅਤੇ ਲੋੜੀਂਦੀ ਸੜਕ ਦੀ ਮੁਰੰਮਤ ਵੀ ਆਉਂਦੇ ਦਿਨਾਂ ਵਿੱਚ ਹੋ ਜਾਵੇਗੀ, ਜਿਸ ਤੋਂ ਬਾਅਦ ਵਾਰਡ ਵਾਸੀਆਂ ਨੇ ਭਰੋਸਾ ਮਿਲਣ ’ਤੇ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਬਿੱਕਰ ਸਿੰਘ ਮਘਾਣੀਆਂ, ਡਾ. ਜਨਕ ਰਾਜ ਸਿੰਗਲਾ, ਗੁਰਦੀਪ ਸਿੰਘ ਭੰਗੂ, ਜੀਤ ਸਿੰਘ, ਗੁਰਤੇਜ ਸਿੰਘ, ਹਰਜੀਵਨ ਸਰਾਂ ਨੇ ਸੰਬੋਧਨ ਕੀਤਾ।