ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਲਗਾਈ ਅੱਗ ਪੁਲੀਸ ਨੇ ਬੁਝਾਈ
ਕਿਸਾਨਾਂ ਵਲੋਂ ਖੇਤਾਂ ਵਿਚ ਰਹਿੰਦ ਖੂੰਹਦ ਲਈ ਅੱਗ ਲਗਾਈ ਜਾ ਰਹੀ ਹੈ ਜਿਸ ਨੂੰ ਬੁਝਾਉਣ ਲਈ ਅੱਜ ਪੁਲੀਸ ਖੇਤਾਂ ਵਿੱਚ ਉਤਰੀ ਪਈ ਹੈ। ਕਿਸਾਨਾਂ ਨੂੰ ਪ੍ਰਸ਼ਾਸਨ ਦੀਆਂ ਦਲੀਲਾਂ ਅਤੇ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਲੰਘੇ ਤਿੰਨ ਦਿਨਾਂ ਤੋਂ ਪੂਰਾ ਖੇਤਰ ਪ੍ਰਦੂਸ਼ਣ ਦੀ ਮਾਰ ਹੇਠ ਆ ਗਿਆ ਹੈ। ਸ਼ਾਮ ਹੁੰਦਿਆਂ ਹੀ ਆਸਮਾਨ ਪ੍ਰਦੂਸ਼ਣ ਦੇ ਧੂੰਏਂ ਨਾਲ ਭਰ ਜਾਂਦਾ ਹੈ ਅਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅੱਗ ਲਾਉਣ ਪਿੱਛੇ ਜਿੱਥੇ ਕਿਸਾਨਾਂ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਦਾ ਤਰਕ ਹੈ ਉੱਥੇ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜੱਦੋਜਹਿਦ ਕਰ ਰਿਹਾ ਹੈ। ਦੋਵੇ ਧਿਰਾਂ ਆਪੋ ਆਪਣੇ ਤਰਕ ਦੇ ਰਹੀਆਂ ਹਨ। ਅੱਜ ਜਿਵੇਂ ਹੀ ਧਰਮਕੋਟ ਪੁਲੀਸ ਨੂੰ ਪਿੰਡ ਚੱਕ ਭੌਰਾ ਵਿਚ ਖੇਤਾਂ ਨੂੰ ਲੱਗੀ ਅੱਗ ਦੀ ਜਾਣਕਾਰੀ ਮਿਲੀ ਤਾਂ ਥਾਣਾ ਮੁਖੀ ਗੁਰਮੇਲ ਸਿੰਘ ਪੁਲੀਸ ਪਾਰਟੀ ਨਾਲ ਸਬੰਧਤ ਖੇਤ ਵਿੱਚ ਪੁੱਜੇ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਅੱਗ ਬੁਝਾਉਣ ਦੀ ਕਾਰਵਾਈ ਪੂਰੀ ਕੀਤੀ ਗਈ।
