ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਨੇ ਲੋਕ ਭਲਾਈ ਕੈਂਪ ਲਾਉਂਦੇ ਭਾਜਪਾ ਆਗੂਆਂ ਨੂੰ ਹਿਰਾਸਤ ’ਚ ਲਿਆ

ਰੋਹ ਵਿੱਚ ਆਏ ਭਾਜਪਾਈਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ; ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਨਾ ਪੁੱਜਣ ਦੇਣ ਦੇ ਦੋਸ਼
ਭਗਤਾ ਭਾਈ ਵਿੱਚ ਪੁਲੀਸ ਅਧਿਕਾਰੀ ਨਾਲ ਬਹਿਸਦੇ ਹੋਏ ਭਾਜਪਾ ਆਗੂ
Advertisement

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੈਂਪ ਲਾਉਂਦੇ ਭਾਜਪਾ ਵਰਕਰਾਂ ਨੂੰ ਅੱਜ ਪੁਲੀਸ ਨੇ ਖਦੇੜ ਦਿੱਤਾ। ਪੁਲੀਸ ਨੇ ਕੁਝ ਥਾਵਾਂ ’ਤੇ ਭਾਜਪਾਈਆਂ ਨੂੰ ਹਿਰਾਸਤ ਵਿੱਚ ਵੀ ਲਿਆ ਅਤੇ ਥਾਣਿਆਂ ਵਿੱਚ ਡੱਕਣ ਤੋਂ ਬਾਅਦ ਦੇਰ ਸ਼ਾਮ ਛੱਡ ਦਿੱਤਾ ਗਿਆ। ਇਸ ਕਾਰਵਾਈ ਤੋਂ ਬਾਅਦ ਭਾਜਪਾ ਦੀ ਹਾਈ ਕਮਾਨ ਸਖ਼ਤੀ ਦੇ ਰੌਂਅ ਵਿੱਚ ਆ ਗਈ ਹੈ ਅਤੇ ਇਹ ਮਾਮਲਾ ਰਾਜਪਾਲ ਤੱਕ ਪੁੱਜ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ’ਚ ਭਾਜਪਾ ਵਰਕਰਾਂ ਵੱਲੋਂ ਲਾਏ ਕੈਂਪ ਬੰਦ ਕਰਵਾਉਣ ਦੀ ਰਿਪੋਰਟ ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਵੱਲੋਂ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੂੰ ਭੇਜੀ ਗਈ। ਭਾਜਪਾ ਵਰਕਰਾਂ ਨੂੰ ਮਾਨਸਾ ਤੋਂ ਇਲਾਵਾ ਜੌੜਕੀਆਂ, ਕੋਟਧਰਮੂ, ਝੁਨੀਰ, ਕੁਲਰੀਆਂ ਪੁਲੀਸ ਸਟੇਸ਼ਨ ਵਿੱਚ ਬੰਦ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ’ਤੇ ਬੁਖਲਾਹਟ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਕੇਂਦਰ ਦੀਆਂ ਸਕੀਮਾਂ ਨਹੀਂ ਪਹੁੰਚਣ ਦੇਣਾ ਚਾਹੁੰਦੀ। ਭਾਜਪਾ ਨੇਤਾਵਾਂ ਅਨੁਸਾਰ ਮਾਨਸਾ ਜ਼ਿਲ੍ਹੇ ’ਚ 200 ਦੇ ਕਰੀਬ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸ੍ਰੀ ਨਕੱਈ ਨੇ ਕਿਹਾ ਕਿ ਭਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਪੰਜਾਬ ਸਰਕਾਰ ਔਖੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਜਪਾ ਹਾਈ ਕਮਾਨ ਦੇ ਧਿਆਨ ਵਿੱਚ ਲਿਆਕੇ ਸਰਕਾਰ ਦੇ ਖਿਲਾਫ਼ ਪਾਰਟੀ ਵੱਲੋਂ ਸੰਘਰਸ਼ ਛੇੜਿਆ ਜਾਵੇਗਾ।

ਗਿੱਦੜਬਾਹਾ (ਪੱਤਰ ਪ੍ਰੇਰਕ): ਪਿੰਡ ਸੁਖਣਾ ਅਬਲੂ ਵਿੱਚ ਭਾਜਪਾ ਵੱਲੋਂ ਲਾਏ ਗਏ ਕੈਂਪ ਦੌਰਾਨ ਪੁਲੀਸ ਨੇ ਪਾਰਟੀ ਆਗੂ ਪ੍ਰਿਤਪਾਲ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ। ਉਪਰੰਤ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਸਮਰਥਕਾਂ ਨਾਲ ਡੀਐੱਸਪੀ ਦਫ਼ਤਰ ਪੁੱਜੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਨਾਲ ਕੇਂਦਰ ਵੱਲੋਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲੀਸ ਕਥਿਤ ਤੌਰ ’ਤੇ ਆਮ ਲੋਕਾਂ ਦਾ ‘ਡੇਟਾ ਲੀਕ’ ਹੋਣ ਦਾ ਬਹਾਨਾ ਬਣਾ ਕੇ ਭਾਜਪਾ ਨੂੰ ਕੈਂਪ ਲਾਉਣ ਤੋਂ ਰੋਕ ਰਹੀ ਹੈ।

Advertisement

ਭਦੌੜ (ਪੱਤਰ ਪ੍ਰੇਰਕ): ਅੱਜ ਪਿੰਡ ਤਲਵੰਡੀ ਵਿੱਚ ਕੈਂਪ ਲਾਉਣ ਆਏ ਭਾਜਪਾ ਆਗੂਆਂ ਨੂੰ ਪੁਲੀਸ ਨੇ ਕੈਂਪ ਲਾਉਣ ਤੋਂ ਰੋਕ ਦਿੱਤਾ। ਇਸ ਖ਼ਿਲਾਫ਼ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੁਝ ਸਮੇਂ ਬਾਅਦ ਤਿੰਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਤਪਾ ਲੈ ਗਈ।

ਭਗਤਾ ਭਾਈ (ਪੱਤਰ ਪ੍ਰੇਰਕ): ਪੁਲੀਸ ਨੇ ਭਾਜਪਾ ਵੱਲੋਂ ਅੱਜ ਪਿੰਡ ਦਿਆਲਪੁਰਾ ਭਾਈਕਾ ਵਿੱਚ ਲਗਾਏ ਜਾਣ ਵਾਲੇ ਕੈਂਪ ਨੂੰ ਪ੍ਰਸ਼ਾਸਨ ਦੀ ਮਨਜ਼ੂਰੀ ਨਾ ਹੋਣ ਕਾਰਨ ਰੋਕ ਦਿੱਤਾ। ਇਸ ਮੌਕੇ ਭਾਜਪਾ ਦੇ ਲੋਕ ਸਭਾ ਹਲਕਾ ਇੰਚਾਰਜ ਪਰਮਪਾਲ ਕੌਰ ਮਲੂਕਾ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਤੇ ਪੁਲੀਸ ਅਧਿਕਾਰੀਆਂ ਵਿੱਚ ਬਹਿਸਬਾਜ਼ੀ ਵੀ ਹੋਈ। ਪਰਮਪਾਲ ਕੌਰ ਮਲੂਕਾ ਤੇ ਗੁਰਪ੍ਰੀਤ ਸਿੰਘ ਮਲੂਕਾ ਨੇ ਪੁਲੀਸ ਦੀ ਕਾਰਵਾਈ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਕਾਰਵਾਈ ਲੋੜਵੰਦ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋੜਵੰਦਾਂ ਨੂੰ ਸਹੂਲਤਾਂ ਦੇਣ ਤੋਂ ਰੋਕ ਰਹੀ ਹੈ।

Advertisement