ਪੁਲੀਸ ਕੇਸ: ਕਿਸਾਨਾਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਮੁਜ਼ਾਹਰਾ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਆਪਣੇ ਆਗੂਆਂ ਨਾਲ ਸਬੰਧਤ ਪੁਲੀਸ ਕੇਸਾਂ ਦੇ ਹੱਲ ਲਈ ਅੱਜ ਇੱਥੇ ਚਿਲਡਰਨ ਪਾਰਕ ਵਿੱਚ ਇਕੱਠ ਕੀਤਾ। ਉਪਰੰਤ ਉਹ ਮਾਰਚ ਕਰਦੇ ਹੋਏ ਐੱਸਐੱਸਪੀ ਦਫ਼ਤਰ ਪੁੱਜੇ। ਇੱਥੇ ਉਹ ਪੁਲੀਸ ਵੱਲੋਂ ਬੈਰੀਕੇਡ ਲਾ ਕੇ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਹਟਾ ਕੇ ਉਹ ਅੱਗੇ ਵਧ ਗਏ ਅਤੇ ਬਾਅਦ ਵਿਚ ਉਨ੍ਹਾਂ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ।
ਇੱਥੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪਿਛਲੇ ਲਗਪਗ ਇੱਕ ਸਾਲ ਤੋਂ ਐੱਸਐੱਸਪੀ ਦਫ਼ਤਰ ਨਾਲ ਸਬੰਧਤ ਉਨ੍ਹਾਂ ਦੀ ਜਥੇਬੰਦੀ ਦੀਆਂ ਮੰਗਾਂ ਤੇ ਮਸਲੇ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਈ ਵਾਰ ਜ਼ਿਲ੍ਹਾ ਕਮੇਟੀ ਵੱਲੋਂ ਇਸ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਸਿਵਾਏ ਭਰੋਸੇ ਤੋਂ ਕੁਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਬਲਾਕ ਰਾਮਪੁਰਾ ਦੇ ਪ੍ਰਧਾਨ ਭੋਲਾ ਸਿੰਘ ਕੋਟੜਾ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਰੱਫੜ ਦੇ ਸਮਝੌਤੇ ’ਚ ਸ਼ਾਮਲ ਹੋਏ ਸਨ, ਪਰ ਉਲਟਾ ਭੋਲਾ ਸਿੰਘ ’ਤੇ ਹੀ ਕਥਿਤ ਇੱਕ ਪਰਚਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਅਦ ’ਚ ਪ੍ਰਸ਼ਾਸਨ ਕੋਲ ਇਤਰਾਜ਼ ਉਠਾਏ ਜਾਣ ’ਤੇ ਪਰਚਾ ਮਨਸੂਖ਼ ਕਰਨ ਬਾਰੇ ਕਹਿ ਕੇ ਖਹਿੜਾ ਛੁਡਵਾ ਲਿਆ ਗਿਆ ਅਤੇ ਮਸਲਾ ਲਮਕਣ ਕਰ ਕੇ ਕੇਸ ਅਦਾਲਤ ਕੋਲ ਚਲਾ ਗਿਆ। ਆਗੂਆਂ ਨੇ ਕਿਹਾ ਕਿ ਦੂਜਾ ਮਾਮਲਾ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਮਹਿਮਾ ਸਿੰਘ ਚੱਠੇਵਾਲ ਦਾ ਹੈ। ਉਨ੍ਹਾਂ ਕਿਹਾ ਕਿ ਚੱਠੇਵਾਲ ਦਾ ਘਰੇਲੂ ਮਸਲਾ ਕਾਫੀ ਲੰਮੇ ਸਮੇਂ ਤੋਂ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜਾਨਲੇਵਾ ਹਮਲਾ ਹੋਇਆ ਸੀ ਅਤੇ ਪੁਲੀਸ ਨੇ ਇਰਾਦਾ ਕਤਲ ਦੇ ਦੋਸ਼ ਤਹਿਤ ਕੇਸ ਦਰਜ ਕਰ ਦਿੱਤਾ ਸੀ, ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਮਾਮਲੇ ਕਿਸਾਨਾਂ ਤੇ ਟਰੈਵਲ ਏਜੰਟਾਂ ਦਰਮਿਆਨ ਵਿੱਤੀ ਲੈਣ-ਦੇਣ ਦੇ ਸਨ।
ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਸਾਰੇ ਮਸਲਿਆਂ ਬਾਰੇ ਐੱਸਐੱਸਪੀ ਦੇ ਆਦੇਸ਼ਾਂ ਤਹਿਤ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਅੱਜ ਤਕਰੀਬਨ ਦੋ ਘੰਟੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਇੱਕ ਪੁਲੀਸ ਅਧਿਕਾਰੀ ਨੇ ਧਰਨਾਕਾਰੀਆਂ ਕੋਲ ਆ ਕੇ ਸਾਰੇ ਮਸਲਿਆਂ ਨੂੰ ਦੋ ਦਿਨਾਂ ਵਿੱਚ ਹੱਲ ਕਰਨ ਦਾ ਭਰੋਸਾ ਦੁਆਇਆ, ਤਾਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ, ਰਣਜੀਤ ਸਿੰਘ ਜੀਦਾ, ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨੇਹੀਆਂ ਵਾਲਾ, ਜਸਵੀਰ ਸਿੰਘ ਗਹਿਰੀ, ਅੰਗਰੇਜ਼ ਸਿੰਘ ਕਲਿਆਣ, ਜਸਵਿੰਦਰ ਸਿੰਘ, ਜਸਬੀਰ ਸਿੰਘ ਬੱਜੂਆਣਾ, ਮਹਿਮਾ ਸਿੰਘ ਚੱਠਾ, ਗੁਰਦੀਪ ਸਿੰਘ ਮਹਿਮਾ ਆਦਿ ਮੌਜੂਦ ਸਨ।