ਪੁਲੀਸ ਵੱਲੋਂ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕਾਬੂ
ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਨਾਕੇਬੰਦੀ ਦੌਰਾਨ ਕਾਰ ’ਚ ਆ ਰਹੇ ਨੌਜਵਾਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ’ਚ ਉੱਤਰ ਕੇ ਸਵਾਰ ਨੌਜਵਾਨਾਂ ਨੇ ਪੁਲੀਸ ’ਤੇ ਫਾਇਰਿੰਗ ਕਰਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਸਤਨਾਮ ਸਿੰਘ ਉਰਫ਼ ਸੱਤੀ, ਗੁਰਪ੍ਰੀਤ ਸਿੰਘ ਉਰਫ਼ ਗੁਰੀ ਵਾਸੀ ਭਦੌੜ, ਸ਼ਰਮ ਸਿੰਘ ਉਰਫ਼ ਰਿੰਕੂ ਵਾਸੀ ਨਵੀਂ ਦਿੱਲੀ ਅਤੇ ਦੀਪਕ ਸਿੰਘ ਵਾਸੀ ਕਕਹੇੜੀ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਕੋਲੋਂ 4 ਪਿਸਤੌਲ, ਤਿੰਨ ਕਾਰਤੂਸ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਅਤੇ ਰਾਹਗੀਰਾਂ ਨੂੰ ਲੁੱਟਦੇ ਸਨ। ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਸੱਤੀ ’ਤੇ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ’ਚ 18 ਮੁਕੱਦਮੇ 4 ਮੁਕੱਦਮੇ ਮੋਗਾ, ਸੰਗਰੂਰ, ਲੁਧਿਆਣਾ ਅਤੇ ਮੋਰਿੰਡਾ ਥਾਣਿਆਂ ’ਚ ਦਰਜ ਹਨ। ਸ਼ਰਮ ਸਿੰਘ ਉਰਫ਼ ਰਿੰਕੂ ’ਤੇ ਖੰਨਾ ਵਿਖੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਹੋਰ ਪੁੱਛ-ਪੜਤਾਲਕੀਤੀ ਜਾ ਰਹੀ ਹੈ।