ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਕੱਟੂ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਰਦੇਵ ਸਿੰਘ ਖੁੱਡੀ ਕਲਾਂ ਦੀ ਪੁਸਤਕ ‘ਤਿਲਕ ਜੰਝੂ ਦੇ ਰਾਖੇ’ ਰਿਲੀਜ਼ ਕੀਤੀ ਗਈ। ਸਭਾ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿੱਚ ਹਰਦੇਵ ਸਿੰਘ ਖੁੱਡੀ ਕਲਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਆਪਣੇ ਗੀਤਾਂ ਰਾਹੀਂ ਸਿਜਦਾ ਕੀਤਾ ਹੈ। ਸਭਾ ਦੇ ਜਨਰਲ ਸਕੱਤਰ ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਕਵੀ ਦਰਬਾਰ ਕਰਵਾ ਕੇ ਪੰਜਾਬੀ ਸਾਹਿਤ ਸਭਾ ਨੇ ਆਪਣਾ ਬਣਦਾ ਫਰਜ਼ ਅਦਾ ਕੀਤਾ ਹੈ। ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ.ਅਮਨਦੀਪ ਸਿੰਘ ਟੱਲੇਵਾਲੀਆ ਤੇ ਦਰਸ਼ਨ ਗੁਰੂ ਕਵੀਸ਼ਰੀ ਜਥਾ, ਗੁਰਜੰਟ ਸਿੰਘ ਸੋਹਲ ਧਨੌਲਾ ਅਤੇ ਨਛੱਤਰ ਸਿੰਘ ਦਾ ਕਵੀਸ਼ਰੀ ਜਥਾ, ਸਰੂਪ ਚੰਦ ਹਰੀਗੜ੍ਹ ਤੇ ਪ੍ਰੇਮਜੀਤ ਸਿੰਘ ਦਾ ਕਵੀਸ਼ਰੀ ਜਥਾ, ਰਘਬੀਰ ਸਿੰਘ ਗਿੱਲ ਕੱਟੂ, ਰਾਮ ਸਰੂਪ ਸ਼ਰਮਾ, ਮਾਲਵਿੰਦਰ ਸ਼ਾਇਰ, ਸਿਮਰਜੀਤ ਕੌਰ ਬਰਾੜ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ, ਡਾ. ਤਰਸਪਾਲ ਕੌਰ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਸਿੰਘ ਸਨੇਹ, ਪ੍ਰਿੰ. ਮਲਕੀਤ ਸਿੰਘ ਗਿੱਲ, ਚਰਨੀ ਬੇਦਿਲ, ਦਲਵਾਰ ਸਿੰਘ ਫੌਜੀ, ਦਮਨੀਤ ਕੌਰ, ਦਰਸ਼ਨ ਸਿੰਘ, ਨਛੱਤਰ ਸਿੰਘ ਭੈਣੀ ਮਹਿਰਾਜ ਅਤੇ ਤਰਸੇਮ ਸਿੰਘ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਸੰਚਾਲਨ ਤਰਸਪਾਲ ਕੌਰ ਨੇ ਨਿਭਾਇਆ। ਸਾਰੇ ਕਵੀਆਂ ਦਾ ਪੰਜਾਬੀ ਸਾਹਿਤ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਵੀਆਂ ਤੋਂ ਇਲਾਵਾ ਪਿੰਡ ਦੀਆਂ ਸੰਘਰਸ਼ਸ਼ੀਲ ਕਿਸਾਨ ਬੀਬੀਆਂ ਦਾ ਵੀ ਸੁਹਿਰਦ ਲਾਇਬਰੇਰੀ ਕੱਟੂ ਵੱਲੋਂ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਪੁਸਤਕ ਪੁਲਾਂਘ ਪ੍ਰਸ਼ਾਸਨ ਵੱਲੋਂ ਛਾਪੀ ਗਈ ਹੈ।
