ਮੰਦਰ ਵਿਚੋਂ ਛਤਰ ਅਤੇ ਖੜਾਵਾਂ ਚੋਰੀ ਕਰਨ ਦੇ ਮਾਮਲੇ ’ਤੇ ਰਾਜ਼ੀਨਾਮਾ
ਸਰੂ ਮਾਤਾ ਨਹਿਰਾਂ ਵਾਲੀ ਦੇ ਦਰਬਾਰ ਵਿੱਚੋਂ ਬੀਤੀ 17 ਸਤੰਬਰ ਨੂੰ ਛਤਰ ਅਤੇ ਖੜਾਵਾਂ ਚੋਰੀ ਹੋ ਗਈਆਂ ਸਨ। ਮੇਲਾ ਕਮੇਟੀ ਮੈਂਬਰਾਂ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਕਰਨ ’ਤੇ ਛਤਰ ਚੋਰੀ ਕਰਨ ਵਾਲੇ ਦਾ ਪਤਾ ਲੱਗਣ ’ਤੇ ਇਹ ਮਾਮਲਾ ਬੀਤੇ ਦਿਨ ਪੁਲੀਸ ਸਟੇਸ਼ਨ ਮਮਦੋਟ ਪਹੁੰਚਿਆ। ਇਸ ਮਾਮਲੇ ਦੀ ਘੋਖ ਤੋਂ ਪਤਾ ਲੱਗਾ ਕਿ ਇਸ ਵਿੱਚ ਦੋ ਸੁਨਿਆਰਿਆਂ ਵੱਲੋਂ ਚੋਰ ਕੋਲੋਂ ਸਮਾਨ ਖਰੀਦਿਆ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲੀਸ ਵੱਲੋਂ ਮਾਤਾ ਦੇ ਦਰਬਾਰ ਤੋਂ ਚੋਰੀ ਹੋਇਆ ਛਤਰ ਦੇ ਖੜਾਵਾਂ ਖਰੀਦਣ ਵਾਲੇ ਦੋਵਾਂ ਸੁਨਿਆਰਿਆਂ ਨੂੰ ਵੀ ਥਾਣੇ ਬੁਲਾਇਆ ਗਿਆ। ਦੱਸਣਯੋਗ ਹੈ ਕਿ ਮਾਤਾ ਦੇ ਦਰਬਾਰ ਨਾਲ ਹਜ਼ਾਰਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਲੋਕ ਇਸ ਚੋਰੀ ਦਾ ਸੱਚ ਜਾਣਨਾ ਚਾਹੁੰਦੇ ਹਨ ਕਿ ਇਹ ਘਟਨਾ ਕਿਵੇਂ ਵਾਪਰੀ। ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਚੋਰੀ ਕਰਨ ਵਾਲੇ ਵਿਅਕਤੀ ਅਤੇ ਸੁਨਿਆਰਿਆਂ ਦੇ ਨਾਮ ਜਨਤਕ ਕੀਤੇ ਜਾਣ| ਉਧਰ ਬੀਤੀ ਸ਼ਾਮ ਮੇਲਾ ਕਮੇਟੀ ਅਤੇ ਇਲਾਕੇ ਦੇ ਹੋਰ ਪਤਵੰਤਿਆਂ ਵੱਲੋਂ ਇਸ ਮਸਲੇ ਦੇ ਵਿੱਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ। ਇਸ ਸਬੰਧੀ ਮੇਲਾ ਕਮੇਟੀ ਵਿਸ਼ੇਸ਼ ਮੈਂਬਰ ਛਿੰਦਾ ਸੇਠੀ ਨੇ ਦੱਸਿਆ ਕਿ ਚੋਰੀ ਸਬੰਧੀ ਰਾਜ਼ੀਨਾਮਾ ਹੋ ਗਿਆ ਹੈ ਅਤੇ ਛਤਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਡੇਢ ਲੱਖ ਰੁਪਏ ਅਤੇ ਦੋਨਾਂ ਸੁਨਿਆਰਿਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਹਰਜਾਨਾ ਲਗਾਇਆ ਗਿਆ ਹੈ।