ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲਵਾ ਖੇਤਰ ਦੀਆਂ ਮੰਡੀਆਂ ’ਚ ਝੋਨੇ ਦੇ ਢੇਰ

ਚੁਕਾਈ ਨਾ ਹੋਣ ਕਾਰਨ ਤੋਲ-ਤੁਲਾਈ ’ਚ ਸਮੱਸਿਆ; ਕਿਸਾਨ ਕੱਚੇ ਥਾਂ ’ਤੇ ਝੋਨਾ ਸੁੱਟਣ ਲਈ ਮਜਬੂਰ
Advertisement

ਹੁਣ ਮਾਲਵਾ ਖੇਤਰ ਦੀਆਂ ਸੈਂਕੜੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਜਿਣਸ ਦੀ ਤੋਲਾ-ਤੁਲਾਈ ਦੀ ਤਕਲੀਫ਼ ਆਉਣ ਲੱਗ ਪਈ ਹੈ। ਕਿਸਾਨ ਪੱਕੇ ਫੜਾਂ ਦੀ ਥਾਂ ਮਜ਼ਬੂਰ ਹੋਕੇ ਕੱਚੀਆਂ ਥਾਵਾਂ ਉਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ ਅਤੇ ਕਈ ਮੰਡੀਆਂ ਵਿਚ ਝੋਨਾ ਤੋਲਣ ਲਈ ਕਿਸਾਨ ਹਫ਼ਤੇ-ਹਫ਼ਤੇ ਤੋਂ ਬੈਠੇ ਹਨ। ਅਨੇਕਾਂ ਕੇਂਦਰਾਂ ‘ਚ ਬਾਰਦਾਨੇ ਦੀ ਭਾਰੀ ਕਮੀ ਵੀ ਰੜਕਣ ਲੱਗੀ ਹੈ।

ਮੰਡੀਆਂ ’ਚੋਂ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮੌਸਮ ’ਚ ਵਧੀ ਠੰਡ ਤੋਂ ਬਾਅਦ ਝੋਨੇ ਵਿੱਚ ਸਿੱਲ੍ਹ ਵੱਧਣ ਕਾਰਨ ਬੋਲੀ ਦਾ ਕਾਰਜ ਲਗਪਗ ਰੁਕਿਆ ਪਿਆ ਹੈ। ਨਵੇਂ ਸਰਕਾਰੀ ਆਦੇਸ਼ਾਂ ਮੁਤਾਬਕ ਨਮੀ ਦੀ ਮਾਤਰਾ 17 ਪ੍ਰਤੀਸ਼ਤ ਕਰਨ ਨਾਲ ਝੋਨਾ ਸੁੱਕ ਹੀ ਨਹੀਂ ਰਿਹਾ ਹੈ ਅਤੇ ਨਾ ਹੀ ਝੋਨੇ ਨੂੰ ਸੁਕਾਉਣ ਲਈ ਖਰੀਦ ਕੇਂਦਰਾਂ ਵਿੱਚ ਥਾਂ ਬਚਿਆ ਹੈ ਤਾਂ ਕਿ ਕਿਸਾਨ ਢੇਰੀਆਂ ਨੂੰ ਖਿਲਾਰ ਕੇ ਧੁੱਪ ਲਵਾ ਸਕਣ। ਅਨੇਕਾਂ ਥਾਵਾਂ ’ਤੇ ਬਾਰਦਾਨੇ ਦੀ ਕਮੀ ਵੀ ਰੜਕਣ ਲੱਗੀ ਹੈ। ਇਕ ਖਰੀਦ ਏਜੰਸੀ ਦੇ ਅਧਿਕਾਰੀ ਨੇ ਮੰਨਿਆ ਕਿ ਅਨਾਜ ਮੰਡੀਆਂ ਵਿਚ ਅੱਜ ਤੱਕ ਦਾ ਹੀ ਬਾਰਦਾਨਾ ਸੀ, ਕੱਲ੍ਹ-ਪਰਸੋਂ ਤੱਕ ਜੇਕਰ ਨਵਾਂ ਨਾ ਆਇਆ ਤਾਂ ਝੋਨਾ ਦੀ ਬੋਲੀ ਹੀ ਨਹੀਂ ਲੱਗ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੈਲਰਾਂ ਵਾਲਿਆਂ ਕੋਲ ਪਿਆ ਪੁਰਾਣਾ ਬਾਰਦਾਨਾ ਛੁੱਟੀ ਕਰ ਗਿਆ ਹੈ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸਰਕਾਰੀ ਨੀਤੀਆਂ ਨੇ ਜਲੂਸ ਕੱਢ ਧਰਿਆ ਹੈ ਅਤੇ ਮੰਡੀਆਂ ਵਿੱਚ ਝੋਨਾ ਸੁੱਟਣ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਝੋਨਾ ਖਰੀਦ ਕੇ ਬੋਰੀਆਂ ਵਿੱਚ ਭਰਿਆ ਪਿਆ ਹੈ ਉਹ ਖਰੀਦ ਕੇਂਦਰਾਂ ਵਿਚੋਂ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕੱਚੀਆਂ ਥਾਵਾਂ ’ਤੇ ਝੋਨਾ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

Advertisement

ਉਧਰ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਅੱਜ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵਿਸ਼ੇਸ ਮੀਟਿੰਗ ਵਿਚ ਅਧਿਕਾਰੀਆਂ ਨੂੰ ਮੰਡੀਆਂ ਵਿਚੋਂ ਝੋਨੇ ਦੀ ਤੁਰੰਤ ਲਿਫਟਿੰਗ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਤਾਲਮੇਲ ਦੀ ਘਾਟ ਹੈ ਤਾਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹੁਣ ਇਹ ਖਿੱਤੇ ਵਿਚ ਕੰਬਾਇਨਾਂ ਦੀ ਵਾਢੀ ਦਾ ਜ਼ੋਰ ਪੈਣ ਨਾਲ ਕਿਸਾਨ ਫਟਾਫਟ ਝੋਨਾ ਨੂੰ ਘਰਾਂ ਵਿਚ ਰੱਖਣ ਦੀ ਥਾਂ ਸਿੱਧੀ ਮੰਡੀਆਂ ਵਿਚ ਲਿਆਉਣ ਲੱਗ ਪਏ ਹਨ, ਜਿਸ ਕਰਕੇ ਮੰਡੀਆਂ ’ਚੋਂ ਝੋਨਾ ਢਾਹੁਣ ਵਾਲੇ ਵਾਹਨਾਂ ਦੀ ਘਾਟ ਕਾਰਨ ਸਹੀ ਸਮੇਂ ਮੰਡੀਆਂ ‘ਚੋਂ ਲਿਫਟਿੰਗ ਨਾ ਹੋਣ ਕਰਕੇ ਹੀ ਮੰਡੀਆਂ ਵਿਚ ਪੈਰ ਧਰਨ ਨੂੰ ਥਾਂ ਨਹੀਂ ਰਹੀ ਹੈ।

Advertisement
Show comments