ਖੇਤੀਬਾੜੀ ਦਫ਼ਤਰ ਵੇਚਣ ਖ਼ਿਲਾਫ਼ ਮੰਗ ਪੱਤਰ ਸੌਂਪਿਆ
ਪੰਜਾਬ ਮੰਡੀ ਬੋਰਡ ਵੱਲੋਂ ਬਰਨਾਲਾ ਵਿੱਚ ਸਥਿਤ ਜ਼ਿਲ੍ਹਾ ਮੁੱਖ ਖੇਤੀਬਾੜੀ ਦਫ਼ਤਰ ਵਾਲੀ ਜਗ੍ਹਾ ਨਿਲਾਮ ਕਰਨ ਦੀ ਤਜਵੀਜ਼ ਖ਼ਿਲਾਫ਼ ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵਫ਼ਦ ਅੱਜ ਏ ਡੀ ਸੀ ਨੂੰ ਮਿਲਿਆ ਅਤੇ ਉਨ੍ਹਾਂ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਆਗੂ ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਕੌਂਸਲਰ ਗੁਰਦਰਸ਼ਨ ਸਿੰਘ ਬਰਾੜ, ਤਰਨਜੀਤ ਦੁੱਗਲ, ਰਾਜਿੰਦਰ ਉੱਪਲ, ਸੰਦੀਪ ਜੇਠੀ ਅਤੇ ਬੇਅੰਤ ਸਿੰਘ ਬਾਠ ਨੇ ਕਿਹਾ ਕਿ ‘ਆਪ’ ਸਰਕਾਰ ਕਾਰਪੋਰੇਟਸ/ਭੂ-ਮਾਫੀਆ ਨਾਲ ਕਥਿਤ ਮਿਲੀਭੁਗਤ ਕਰ ਕੇ ਜਨਤਕ ਜਾਇਦਾਦਾਂ ਵੇਚਣ ‘ਤੇ ਉਤਾਰੂ ਹੋ ਚੁੱਕੀ ਹੈ। ਇਸੇ ਤਹਿਤ ਫਰਵਾਹੀ ਬਾਜ਼ਾਰ ਬਰਨਾਲਾ ਵਿੱਚ ਸਥਿਤ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਨਿਲਾਮ ਕਰਨ ਜਾ ਰਹੀ ਹੈ। ਉਨ੍ਹਾਂ ਮੰਗ ਪੱਤਰ ਰਾਹੀਂ ਸੂਬੇ ਦੇ ਰਾਜਪਾਲ ਤੋਂ ਫੌਰੀ ਦਖ਼ਲ ਦੀ ਮੰਗ ਕਰਦਿਆਂ ਇਹ ਬੋਲੀ ਪ੍ਰਕਿਰਿਆ ਤੁਰੰਤ ਰੋਕਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਜਗਾਹ ਨੂੰ ਨਿੱਜੀ ਸਰਮਾਏਦਾਰਾਂ ਨੂੰ ਵੇਚਣ ਦੀ ਬਜਾਏ ਇੱਥੇ ਸ਼ਹਿਰ ‘ਚ ਦਰਪੇਸ਼ ਟ੍ਰੈਫਿਕ ਸਮੱਸਿਆ ਦੇ ਮੱਦੇਨਜ਼ਰ ਜਨਤਕ ਵਹੀਕਲਾਂ ਲਈ ਮਲਟੀ ਸਟੋਰੀ ਪਬਲਿਕ ਪਾਰਕਿੰਗ ਦੀ ਉਸਾਰੀ ਕਰਵਾਈ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਇਸ ਜਗਾਹ ਦੀ ਬੋਲੀ/ਨਿਲਾਮੀ ਨਾ ਰੋਕੀ ਤਾਂ ਉਹ ਹੋਰ ਜਨਤਕ, ਸਮਾਜਿਕ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਹਮ-ਮਸ਼ਵਰਾ ਕਰਕੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ।
