ਹਾਦਸੇ ’ਚ ਵਿਅਕਤੀ ਹਲਾਕ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 31 ਮਈ
ਇੱਥੇ ਬੀਤੀ ਰਾਤ ਸਥਾਨਕ ਰਾਮਾਂ ਰੋਡ ’ਤੇ ਵਾਪਰੇ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ (41) ਪੁੱਤਰ ਗੁਰਦੀਪ ਸਿੰਘ ਉਰਫ ਜੋਧਾ ਵਾਸੀ ਜੰਬਰ ਬਸਤੀ ਤੇਲ ਸੋਧਕ ਕਾਰਖਾਨਾ ਫੁੱਲੋਖਾਰੀ ਤੋਂ ਆਪਣੀ ਡਿਊਟੀ ਕਰ ਕੇ ਮੋਟਰਸਾਈਕਲ ’ਤੇ ਰਾਤ ਸਮੇਂ ਆਪਣੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਯਾਦਵਿੰਦਰਾ ਕਾਲਜ ਕੋਲੋਂ ਆਪਣਾ ਮੋਟਰਸਾਈਕਲ ਘਰ ਜਾਣ ਲਈ ਗੁਰੂਸਰ ਰੋਡ ਵੱਲ ਮੋੜਨ ਲੱਗਾ ਤਾਂ ਤਲਵੰਡੀ ਸਾਬੋ ਤੋਂ ਰਾਮਾਂ ਮੰਡੀ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਉਸ ਨੂੰ ਟੱਕਰ ਮਾਰਦੀ ਹੋਈ ਕਾਫੀ ਦੂਰ ਤੱਕ ਨਾਲ ਘਸੀਟ ਕੇ ਲੈ ਗਈ। ਅੱਗੇ ਜਾ ਕੇ ਕਾਰ ਸਵਾਰ ਕਾਰ ਛੱਡ ਕੇ ਫ਼ਰਾਰ ਹੋ ਗਿਆ।ਹਾਦਸੇ ਦੌਰਾਨ ਜਗਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਮੌਕੇ ’ਤੇ ਪੁਲੀਸ ਫੋਰਸ ਅਤੇ ਐਂਬੂਲੈਂਸ ਵੀ ਪਹੁੰਚ ਗਈ। ਜਗਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਤਲਵੰਡੀ ਸਾਬੋ ਪੁਲੀਸ ਨੇ ਅੱਜ ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।