ਨਾਟਿਅਮ ਥੀਏਟਰ ਫੈਸਟੀਵਲ ’ਚ ਨਾਟਕ ‘ਦਿ ਹਿਡਨ ਟਰੁੱਥ' ਦੀ ਪੇਸ਼ਕਾਰੀ
ਬਠਿੰਡਾ ਵਿੱਚ ਚੱਲ ਰਹੇ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਨਾਟਕ ’ਦਿ ਹਿਡਨ ਟਰੁੱਥ' ਖੇਡਿਆ ਗਿਆ। ਅਖ਼ਤਰ ਅਲੀ ਵੱਲੋਂ ਲਿਖੇ ਇਸ ਨਾਟਕ ਨੂੰ ਰੰਗ ਆਧਾਰ ਨਾਟਯ ਸੰਸਥਾ ਕੁਰੂਕਸ਼ੇਤਰ ਦੀ ਟੀਮ ਨੇ ਅਮਰਦੀਪ ਜਾਂਗਰਾ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ। ਸੁਕਰਾਤ ਦੀ ਫਿਲਾਸਫ਼ੀ ਦਰਸਾਉਂਦੇ ਇਸ ਨਾਟਕ ਦੌਰਾਨ ਆਡੀਟੋਰੀਅਮ ਨਿਰੰਤਰ ਤਾੜੀਆਂ ਨਾਲ਼ ਗੂੰਜਦਾ ਰਿਹਾ। ਧਰਮ ਅਤੇ ਰਾਜਨੀਤੀ ਵਰਗੇ ਗੰਭੀਰ ਵਿਸ਼ਿਆਂ ਨਾਲ਼ ਸੰਜੋਏ ਇਸ ਦੋ-ਪਾਤਰੀ ਨਾਟਕ ਨੂੰ ਅਦਾਕਾਰਾਂ ਨੇ ਆਪਣੀ ਬਾਕਮਾਲ ਅਦਾਕਾਰੀ ਨਾਲ਼ ਚਾਰ ਚੰਨ ਲਾ ਦਿੱਤੇ। ਛੇਵੇਂ ਦਿਨ ਮਹਿਮਾਨ ਵਜੋਂ ਜਗਰੂਪ ਗਿੱਲ ਵਿਧਾਇਕ ਵਿਧਾਨ ਸਭਾ ਹਲਕਾ ਬਠਿੰਡਾ ਅਤੇ ਰਾਕੇਸ਼ ਕੁਮਾਰ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਪੰਜਾਬ ਸ਼ਾਮਲ ਹੋਏ।
ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾ. ਪੂਜਾ ਗੁਪਤਾ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ। ਜਗਰੂਪ ਗਿੱਲ ਨੇ ਨਾਟਿਅਮ ਪੰਜਾਬ ਨੂੰ ਇਸ ਨਾਟ-ਉਤਸਵ ਲਈ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਨਾਟ ਕਲਾ ਨਾਲ ਜੋੜਨ ਦਾ ਸਿਹਰਾ ਡਾਇਰੈਕਟਰ ਕੀਰਤੀ ਕਿਰਪਾਲ, ਡਾ. ਕਸ਼ਿਸ਼ ਗੁਪਤਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਾਂਦਾ ਹੈ। ਸ਼੍ਰੀ ਰਾਕੇਸ਼ ਕੁਮਾਰ ਪੁਰੀ ਨੇ ਕਿਹਾ ਵੱਖ-ਵੱਖ ਰੰਗਾਂ ਦੇ ਨਾਟਕਾਂ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਨੀਰਜ ਸਿੰਗਲਾ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਮੁਕਤਸਰ ਸਾਹਿਬ, ਡਾ. ਰੌਨਿਲ ਕੌਸ਼ਲ, ਮਨਜੋਤ ਸਿੰਘ ਨਾਇਬ ਤਹਿਸੀਲਦਾਰ, ਪੁਖਰਾਜ ਸਿੰਘ ਸਬ-ਰਜਿਸਟਰਾਰ ਤਹਿਸੀਲ ਬਠਿੰਡਾ, ਨਾਟਿਅਮ ਦੇ ਪ੍ਰਧਾਨ ਰਿੰਪੀ ਕਾਲੜਾ, ਗੁਰਨੂਰ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਜਸਪਾਲ ਰੋਮਾਣਾ, ਸਮੂਹ ਅਦਾਕਾਰ ਨਾਟਿਅਮ ਗਰੁੱਪ ਸਮੇਤ ਜਸਪਾਲ ਮਾਨਖੇੜਾ, ਅਮਰਜੀਤ ਜੀਤ, ਲੱਛਮਣ ਮਲੂਕਾ ਅਤੇ ਹਰਦੀਪ ਤੱਗੜ ਮੌਜੂਦ ਸਨ।