ਲੋਕਾਂ ਨੇ ਵਿਧਾਇਕ ਕੋਲ ਚੁੱਕਿਆ ਹੱਡਾ-ਰੋੜੀ ਦਾ ਮੁੱਦਾ
ਬਦਬੂ ਕਾਰਨ ਸ਼ਹਿਰ ਦੀ ਹੱਡਾ-ਰੋੜੀ ਦਾ ਮਾਮਲਾ ਅਗਰਵਾਲ ਸਭਾ ਨੇ ਹਲਕਾ ਵਿਧਾਇਕ ਦੇ ਸਾਹਮਣੇ ਉਠਾਇਆ ਹੈ। ਸਭਾ ਦੇ ਪ੍ਰਧਾਨ ਦਵਿੰਦਰ ਗੁਪਤਾ ਦੀ ਅਗਵਾਈ ਹੇਠ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੂੰ ਮਿਲੇ ਵਫ਼ਦ ਨੇ ਦੱਸਿਆ ਕਿ ਸ਼ਹਿਰ ਵਾਸੀ ਹੱਡਾਰੋੜੀ ਤੋਂ ਆਉਂਦੀ ਬਦਬੂ ਕਾਰਨ ਪਰੇਸ਼ਾਨ ਹਨ। ਹੱਡਾਰੋੜੀ ਦੇ ਆਵਾਰਾ ਕੁੱਤੇ ਲੋਕਾਂ ਦਾ ਵੀ ਨੁਕਸਾਨ ਕਰਦੇ ਹਨ। ਵਿਧਾਇਕ ਦੇ ਦਖ਼ਲ ਉਪਰੰਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਤੇ ਦਿਹਾਤੀ ਹਲਕੇ ਦੇ ਡੀਐੱਸਪੀ ਕਰਨ ਸ਼ਰਮਾ ਨੇ ਅਗਰਵਾਲ ਸਭਾ ਦੇ ਆਗੂਆਂ ਨੂੰ ਨਾਲ ਲੈ ਕੇ ਆਪੋ-ਆਪਣੀਆਂ ਟੀਮਾਂ ਸਮੇਤ ਮੌਕੇ ’ਤੇ ਜਾ ਕੇ ਹੱਡਾ-ਰੋੜੀ ਦਾ ਮੁਆਇਨਾ ਕੀਤਾ। ਵਫ਼ਦ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹੱਡਾ-ਰੋੜੀ ਨੂੰ ਡੂੰਘਾ ਕਰਕੇ ਇੱਥੇ ਬਕਾਇਦਾ ਚਾਰਦੀਵਾਰੀ ਕੀਤੀ ਜਾਵੇ। ਚਮੜਾ ਉਤਾਰਨ ਉਪਰੰਤ ਬਚੇ ਪਸ਼ੂਆਂ ਦੇ ਮਾਸ ਅਤੇ ਹੋਰ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਹੱਡਾ-ਰੋੜੀ ਦੇ ਅੰਦਰ ਹੀਟ ਚੈਂਬਰ ਲਾਇਆ ਜਾਵੇ। ਅਧਿਕਾਰੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਹੱਡਾ-ਰੋੜੀ ਦਾ ਟੈਂਡਰ ਚਾਲੂ ਵਰ੍ਹੇ ਦੇ ਅਗਸਤ ਮਹੀਨੇ ਤੋਂ ਸਮਾਪਤ ਹੈ। ਇਸ ਦੇ ਬਾਵਜੂਦ ਇੱਥੇ ਮ੍ਰਿਤਕ ਪਸ਼ੂਆਂ ਦਾ ਮਾਸ ਉਤਾਰਨ ਦਾ ਕੰਮ ਜਾਰੀ ਹੈ। ਇਹ ਰੁਝਾਨ ਸਾਬਤ ਕਰਦਾ ਹੈ ਕਿ ਇੱਥੇ ਬਾਹਰੀ ਇਲਾਕੇ ਦੇ ਮ੍ਰਿਤ ਪਸ਼ੂ ਲਿਆਂਦੇ ਜਾ ਰਹੇ ਹਨ। ਇਸ ‘ਤੇ ਤੁਰੰਤ ਰੋਕ ਲੱਗਣੀ ਤੇ ਸਬੰਧਤ ਲੋਕਾਂ ’ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੌਜੂਦ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਆਉਂਦੇ ਦਿਨਾਂ ਵਿੱਚ ਮਸਲੇ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।