ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਲੋਕਾਂ ਵੱਲੋਂ ਨਾਅਰੇਬਾਜ਼ੀ

ਮੰਗਾਂ ਪੂਰੀਆਂ ਨਾ ਹੋਣ ’ਤੇ ਤਿੱਖੇ ਅੰਦੋਲਨ ਦੀ ਚਿਤਾਵਨੀ
ਜੇਜੇ ਕਲੋਨੀ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਇਥੋਂ ਦੇ ਸਿਵਲ ਹਸਪਤਾਲ ਦੇ ਨੇੜੇ ਸਥਿਤ ਜੇਜੇ ਕਲੋਨੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਸੀਵਰੇਜ ਦੀ ਸਮੱਸਿਆ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਕਿਲਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਅੱਗ ਗੁੱਸੇ ਵਿਚ ਆਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀ ਗਲੀ ਵਿੱਚ ਜਮ੍ਹਾਂ ਹੋਏ ਦੂਸ਼ਿਤ ਪਾਣੀ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਅਤੇ ਨਗਰ ਕੌਂਸਲ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸਿਵਲ ਹਸਪਤਾਲ ਦੇ ਨੇੜੇ ਸੜਕ ਜਾਮ ਕਰ ਦੇਣਗੇ।

ਭਾਰਤ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਬਬਲੂ ਨਾਇਕ, ਵਿਨੋਦ ਕੁਮਾਰ, ਤੁਫਾਨੀ, ਗੁਰਬਚਨ ਸਿੰਘ, ਹਨੂੰਮਾਨ ਨਾਇਕ, ਕਰਨੈਲ ਸਿੰਘ, ਸੂਰਜ, ਵਿੱਕੀ, ਡਾ. ਜਵਾਹਰ, ਮਿੱਤਰ ਕੌਰ, ਮਨਕੌਰ, ਰੀਨਾ ਕੌਰ ਅਤੇ ਹੋਰ ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਦਾ ਇਲਾਕਾ ਵਾਰਡ ਨੰਬਰ 29 ਅਤੇ 30 ਵਿੱਚ ਪੈਂਦਾ ਹੈ, ਪਰ ਇੱਥੇ ਬੁਨਿਆਦੀ ਸਹੂਲਤਾਂ ਦੀ ਪੂਰੀ ਤਰ੍ਹਾਂ ਘਾਟ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਾਇਕ ਵਾਲੀ ਗਲੀ ਵਿੱਚ ਸੀਵਰੇਜ ਨਾਲ ਰਲਿਆ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬੱਚੇ ਬਿਮਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਬੰਦ ਹੋਣ ਕਾਰਨ ਗਲੀ ਵਿੱਚ ਇੱਕ ਤੋਂ ਦੋ ਫੁੱਟ ਦੂਸ਼ਿਤ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਆਵਾਜਾਈ ਬਹੁਤ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਵਿਭਾਗੀ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਤਾਧਾਰੀ ਆਗੂਆਂ ’ਤੇ ਦੋਹਰਾ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਖਾਸ ਕਰਕੇ ਔਰਤਾਂ ਨੇ ਕਿਹਾ ਕਿ ਚੋਣਾਂ ਦੌਰਾਨ ਆਗੂ ਵੋਟਾਂ ਮੰਗਣ ਲਈ ਵਾਰ-ਵਾਰ ਚੱਕਰ ਲਗਾਉਂਦੇ ਹਨ, ਪਰ ਚੋਣਾਂ ਤੋਂ ਬਾਅਦ ਕੋਈ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਲੋਨੀ ਨੂੰ ਝੁੱਗੀ-ਝੌਂਪੜੀ ਵਾਲਾ ਇਲਾਕਾ ਸਮਝ ਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਕਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ, ਬਿਜਲੀ ਅਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।

Advertisement

Advertisement