ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨਸਾ ’ਚ ਸੀਮਿੰਟ ਫੈਕਟਰੀ ਨੂੰ ਬੰਦ ਕਰਵਾਉਣ ਦੇ ਰਾਹ ਪਏ ਲੋਕ

ਪੰਚਾਇਤਾਂ ਨੇ ਫੈਕਟਰੀ ਵਿਰੁੱਧ ਮਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜੇ; ਖੇਤਰ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ
ਸੀਮਿੰਟ ਫੈਕਟਰੀ ਖ਼ਿਲਾਫ਼ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਨੂੰ ਮੰਗ ਪੱਤਰ ਸੌਂਪਦੇ ਹੋਏ ਲੋਕ।
Advertisement

ਪਿੰਡ ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਂਵਾਲੀ ਦੇ ਖੇਤਾਂ ’ਚ ਤਜਵੀਜ਼ਤ ਸੀਮਿੰਟ ਫੈਕਟਰੀ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ‘ਸੰਘਰਸ਼ ਕਮੇਟੀ’ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦਾ ਕਹਿਣਾ ਹੈ ਕਿ ਜੇ ਵੇਲੇ ਸਿਰ ਕੰਟਰੋਲ ਬੋਰਡ ਕੋਲ ਸੀਮਿੰਟ ਫੈਕਟਰੀ ਲੱਗਣ ਖਿਲਾਫ਼ ਅਪੀਲਾਂ-ਦਲੀਲਾਂ ਨਾ ਪੇਸ਼ ਕੀਤੀਆਂ ਜਾਂਦੀਆਂ ਤਾਂ ਇਸ ਫੈਕਟਰੀ ਨੇ ਇਲਾਕੇ ਦੇ ਲੋਕਾਂ ਲਈ ਕਈ ਨਵੀਂਆਂ ਬਿਮਾਰੀਆਂ ਸਮੇਤ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਦੇਣੀਆਂ ਸਨ।

ਸੰਘਰਸ਼ ਕਮੇਟੀ ਵੱਲੋਂ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਦਾ ਸਨਮਾਨ ਕਰਦਿਆਂ ਉਨ੍ਹਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਤਾਂ ਜੋ ਉਹ ਕਾਂਗਰਸ ਪਾਰਟੀ ਵੱਲੋਂ ਇਸ ਸੀਮਿੰਟ ਫੈਕਟਰੀ ਦਾ ਵਿਰੋਧ ਕਰ ਕੇ ਇਸ ਨੂੰ ਪੱਕੇ ਤੌਰ ’ਤੇ ਇਥੇ ਨਾ ਲੱਗਣ ਲਈ ਪੰਜਾਬ ਭਰ ਵਿੱਚ ਆਵਾਜ਼ ਬੁਲੰਦ ਕਰ ਸਕਣ।

Advertisement

ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਇਹ ਸੀਮਿੰਟ ਫੈਕਟਰੀ ਆਬਾਦੀ ਦੇ ਬਿਲਕੁਲ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਇਸ ਰੈੱਡ ਕੈਟਾਗਿਰੀ ਫੈਕਟਰੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸੀਮਿੰਟ ਫੈਕਟਰੀ ਵਾਲਿਆਂ ਵੱਲੋਂ ਜੋ ਈਆਈਏ (ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਰਿਪੋਰਟ) ਬਣਾਈ ਗਈ ਹੈ, ਉਹ ਝੂਠ ਦਾ ਪਲੰਦਾ ਹੈ ਅਤੇ ਧਰਾਤਲ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਲਗਪਗ 30 ਪੰਚਾਇਤਾਂ ਨੇ ਗ੍ਰਾਮ ਸਭਾ ਦੇ ਮਤਿਆਂ ਵਿੱਚ ਇਸ ਤਜਵੀਜ਼ਤ ਸੀਮਿੰਟ ਫੈਕਟਰੀ ਖ਼ਿਲਾਫ਼ ਪਾ ਕੇ ਪ੍ਰਦੂਸ਼ਣ ਬੋਰਡ ਨੂੰ ਭੇਜੇ ਹਨ ਅਤੇ ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਬਾਬਾ ਟੇਕ ਸਿੰਘ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਵੀ ਲੋਕਾਂ ਦੇ ਹੱਕ ਵਿੱਚ ਮਤੇ ਪਾ ਕੇ ਅਵਾਜ਼ ਬੁਲੰਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਾਵਰ ਪਲਾਂਟ ਬਣਾਂਵਾਲਾ ਦੇ ਪ੍ਰਦਸ਼ੂਣ ਕਾਰਨ ਚਾਹ, ਦਮੇ, ਚਮੜੀ, ਐਲਰਜੀ, ਟੀਵੀ, ਕੈਂਸਰ ਅਤੇ ਕਿਡਨੀ ਆਦਿ ਰੋਗਾਂ ਦੇ ਮਰੀਜ਼ਾਂ ਦੀ ਪਹਿਲਾਂ ਹੀ ਵੱਡੀ ਗਿਣਤੀ ਹੈ, ਲੋਕ ਹੁਣ ਹੋਰ ਉਜਾੜਾ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਰਾਜਨੀਤਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਵਾਤਾਵਰਨ ਪ੍ਰੇਮੀ, ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਇਸ ਮੁੱਦੇ ’ਤੇ ਲੋਕਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਜ਼ਰੂਰ ਮਾਰਨ। ਇਸ ਮੌਕੇ ਸਿਕੰਦਰ ਸਿੰਘ, ਬਲੌਰ ਸਿੰਘ, ਕਾਕਾ ਸਿੰਘ, ਜਸਵੰਤ ਸਿੰਘ ਅਤੇ ਖੁਸ਼ਵੀਰ ਸਿੰਘ ਵੀ ਮੌਜੂਦ ਸਨ।

Advertisement