ਆਮ ਆਦਮੀ ਪਾਰਟੀ ਦੀ ਹਕੀਕਤ ਸਮਝ ਗਏ ਨੇ ਪੰਜਾਬੀ: ਡਾਲਵੀ
ਇਕਬਾਲ ਸਿੰਘ ਸ਼ਾਂਤ
ਲੰਬੀ, 30 ਅਗਸਤ
ਹਲਕਾ ਲੰਬੀ ਦੇ ਮੰਡੀ ਕਿੱਲਿਆਂਵਾਲੀ ’ਚ ਹੋਈ ਹਲਕਾ ਪੱਧਰੀ ਵਰਕਰ ਮੀਟਿੰਗ ’ਚ ਕਾਂਗਰਸ ਦੇ ਕੌਮੀ ਸਕੱਤਰ ਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਓ ਡਾਲਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਫ਼ਤਹਿ ਸਿੰਘ ਬਾਦਲ ਵੱਡੀ ਗਿਣਤੀ ਵਰਕਰਾਂ ਨਾਲ ਪੁੱਜੇ।
ਡਾਲਵੀ ਨੇ ਕਿਹਾ ਕਿ ਕਾਂਗਰਸ ਦੀ ਅਸਲ ਰੀੜ੍ਹ ਦੀ ਹੱਡੀ ਵਰਕਰ ਹਨ, ਜਿਨ੍ਹਾਂ ਦੀ ਬਦੌਲਤ ਰਾਜਨੀਤਕ ਅਤੇ ਸੰਪਰਦਾਇਕ ਚੁਣੌਤੀਆਂ ਦੇ ਬਾਵਜੂਦ ਪਾਰਟੀ ਦਾ ਵਜੂਦ ਕਾਇਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਕੀਕਤ ਪਛਾਣ ਲਈ ਹੈ, ਜਦਕਿ ਦਿੱਲੀ ਦੇ ਲੋਕਾਂ ਨੂੰ ਇਨ੍ਹਾਂ ਦਾ ਝੂਠ ਫੜਨ ਨੂੰ ਕਾਫੀ ਸਮਾਂ ਲੱਗਾ ਸੀ। ਡਾਲਵੀ ਨੇ ਵਰਕਰਾਂ ਨੂੰ 2027 ਵਿੱਚ ਯਕੀਨੀ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਫਤਹਿ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਪ੍ਰਾਪਤੀ ਲਈ ਮਜ਼ਬੂਤ ਜਥੇਬੰਦਕ ਢਾਂਚਾ ਅਤੇ ਵਰਕਰਾਂ ਦੀ ਸਰਗਰਮੀ ਬੇਹੱਦ ਜ਼ਰੂਰੀ ਹੈ। ਹਲਕਾ ਇੰਚਾਰਜ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਦੋਸ਼ ਲਗਾਇਆ ਕਿ ਅਜਿਹੇ ’ਚ ਕਾਂਗਰਸ ਨੂੰ ਇੱਕਜੁਟ ਹੋ ਕੇ ਹੀ ਲੋਕਾਂ ਨੂੰ ਬਿਹਤਰ ਬਦਲ ਦੇਣਾ ਹੋਵੇਗਾ। ਇਸ ਮੌਕੇ ਬੁਲਾਰੇ ਹਰਦੀਪ ਸਿੰਘ ਕਿੰਗਰਾ, ਜ਼ਿਲਾ ਪ੍ਰਧਾਨ ਸ਼ੁਭਦੀਪ ਬਿੱਟੂ, ਨਰਿੰਦਰ ਕਾਉਣੀ, ਬਲਜੀਤ ਚਹਿਲ ਤੇ ਗੁਰਜੰਟ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ।
ਚਾਹਵਾਨਾਂ ਦੀ ਟਿਕਟ ’ਤੇ ਅੱਖ
ਇਸ ਮੀਟਿੰਗ ਮੌਕੇ ਲੀਡਰਾਂ ਵਿੱਚ ਟਿਕਟ ਹੱਕਦਾਰੀ ਦਾ ਉਤਾਵਲਾਪਨ ਜ਼ਾਹਰਿ ਹੋਇਆ, ਪਰ ਪ੍ਰਬੰਧਾਂ ਵੱਲ ਕਿਸੇ ਦਾ ਧਿਆਨ ਨਹੀਂ ਸੀ। ਮੈਰਿਜ ਪੈਲਸ ਅੰਦਰ ਲਾਈਟਾਂ ਦਾ ਪ੍ਰਬੰਧ ਨਾ-ਬਰਾਬਰ ਰਿਹਾ। ਕੌਮੀ ਸਕੱਤਰ ਦੀ ਮੌਜੂਦਗੀ ਵਾਲੀ ਸਟੇਜ ਵੀ ਹਨੇਰੇ ਵਿੱਚ ਡੁੱਬੀ ਰਹੀ। ਇਸ ਦੌਰਾਨ ਕਾਂਗਰਸ ਦੀ ਆਰਥਿਕ ਮੰਦਵਾੜੇ ਬਾਰੇ ਚਰਚਾ ਚੱਲਦੀ ਰਹੀ।