ਲੋਕਾਂ ਨੇ ਦੇਸੀ ਦੀਵੇ ਲਾਏ, ਚੀਨੀ ਸਾਮਾਨ ਨੂੰ ਕੀਤੀ ਬਾਏ-ਬਾਏ
ਇਸ ਵਾਰ ਲੋਕਾਂ ਨੇ ਦਾਵਾਲੀ ਮੌਕੇ ਜਿੱਥੇ ਚੀਨੀ ਸਾਮਾਨ ਖਰੀਦਣ ਤੋਂ ਗੁਰੇਜ਼ ਕੀਤਾ, ਉੱਥੇ ਹਿੰਦੋਸਤਾਨੀ ਸਾਮਾਨ ਵਰਤਣ ਨੂੰ ਤਰਜੀਹ ਦਿੱਤੀ ਹੈ। ਸਮਾਜ ਸੇਵੀ ਸੰਸਥਾਵਾਂ ਸਣੇ ਅਨੇਕਾਂ ਬੁਧੀਜੀਵੀਆਂ, ਵਿਦਿਅਕ ਅਦਾਰਿਆਂ ਤੇ ਹੋਰ ਦੇਸ਼ ਪ੍ਰੇਮੀਆਂ ਵੱਲੋਂ ਚੀਨੀ ਸਾਮਾਨ ਤੇ ਖਾਸ ਕਰਕੇ ਬਿਜਲਈ ਲੜੀਆਂ ਅਤੇ ਪਟਾਕਿਆਂ ਦਾ ਪ੍ਰਯੋਗ ਨਾ ਕੀਤੇ ਜਾਣ ਤੋਂ ਇਲਾਵਾ ਸ਼ੋਸਲ ਮੀਡੀਆ ਰਾਹੀਂ ਦਿੱਤੇ ਗਏ ਸੱਦੇ ਨੂੰ ਵੱਡੀ ਗਿਣਤੀ ’ਚ ਕਬੂਲਦਿਆਂ ਲੋਕਾਂ ਨੇ ਆਪਣੇ ਦੇਸ਼ ਪ੍ਰਤੀ ਪ੍ਰੇਮ ਅਤੇ ਭਾਵਨਾ ਦਾ ਸਬੂਤ ਦਿੱਤਾ ਹੈ। ਸੱਭਿਆਚਾਰ ਅਤੇ ਸਮਾਜ ਸੇਵਾ ਮੰਚ ਦੇ ਆਗੂ ਹਰਦੀਪ ਸਿੱਧੂ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਤੋਂ ਬਿਨਾਂ ਪਹਿਲਾਂ ਲੰਘੇ ਦੀਵਾਲੀ ਦੇ ਤਿਉਹਾਰਾਂ ਦੇ ਮੁਕਾਬਲੇ ਇਸ ਵਾਰ ਪਟਾਕੇ ਘੱਟ ਚਲਾਏ ਜਾਣ ’ਤੇ ਬਿਜਲਈ ਲੜੀਆਂ ਦੀ ਥਾਂ ਤੇਲ ਤੇ ਘਿਓ ਦੇ ਦੀਵੇ ਬਾਲੇ ਜਾਣ ਕਾਰਨ ਵਾਤਾਵਰਨ ਵਧੇਰੇ ਦੂਸ਼ਿਤ ਹੋਣ ਤੋਂ ਬੱਚਤ ਹੋਈ ਹੈ। ਉਨ੍ਹਾਂ ਕਿਹਾ ਕਿ ਸਕੂਲਾਂ/ਕਾਲਜਾਂ ਵੱਲੋਂ ਵੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਏ ਜਾਣ ਦਾ ਹੋਕਾ ਦਿੱਤਾ ਗਿਆ ਸੀ। ਇਸੇ ਦੌਰਾਨ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਏ ਜਾਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਵਿਦਿਆਰਥੀਆਂ ਦੇ ਦੀਵਿਆਂ ਅਤੇ ਰੰਗੋਲੀ ਸਬੰਧੀ ਮਕਾਬਲੇ ਵੀ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਕਲਾਤਮਕ ਰੁਚੀ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਹ ਮੁਕਾਬਲੇ ਕਰਵਾਏ ਗਏ ਤੇ ਜੇਤੂ ਰਹੇ ਵਿਦਿਆਰਥੀਆਂ ਦੀ ਹੋਂਸਲਾ ਅਫਜਾਈ ਕੀਤੀ ਗਈ। ਇਲਾਕੇ ਦੇ ਅਨੇਕਾਂ ਸਕੂਲਾਂ ਵਿਚ ਦੀਵਿਆਂ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਗਿਆ।