ਬਠਿੰਡਾ ’ਚ ਲੋਕਾਂ ਨੇ ਲੁੱਟ ਦੀ ਘਟਨਾ ਅਸਫ਼ਲ ਕੀਤੀ
ਇੱਥੇ ਦੀਪ ਨਗਰ ਵਿਚਲੀ ਗਲੀ ਨੰਬਰ ਤਿੰਨ ਵਿੱਚ ਸਥਿਤ ਇੱਕ ਮੋਬਾਈਲ ਫ਼ੋਨਾਂ ਦੀ ਦੁਕਾਨ ’ਤੇ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਦਿੱਤਾ। ਇਕੱਠੇ ਹੋਏ ਲੋਕਾਂ ਨੇ ਇੱਕ ਲੁਟੇਰੇ ਨੂੰ ਦਬੋਚ ਧਰਿਆ, ਜਦ ਕਿ ਉਸ ਦੇ ਦੋ ਸਾਥੀ ਫ਼ਰਾਰ ਹੋਣ ’ਚ ਸਫ਼ਲ ਰਹੇ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਦੁਕਾਨਦਾਰ ਨਰੇਸ਼ ਕੁਮਾਰ ਉਰਫ਼ ਵਿੱਕੀ ਨੇ ਦੱਸਿਆ ਕਿ ਕਰੀਬ 11 ਵਜੇ ਦਿਨ ਦਿਹਾੜੇ ਤਿੰਨ ਜਣੇ ਉਸ ਦੀ ਦੁਕਾਨ ’ਤੇ ਆਏ। ਇੱਕ ਬਾਹਰ ਮੋਟਰਸਾਈਕਲ ’ਤੇ ਬੈਠਾ ਰਿਹਾ, ਜਦ ਕਿ ਦੋ ਦੁਕਾਨ ਵਿੱਚ ਵੜ ਗਏ। ਉਨ੍ਹਾਂ ਆਉਂਦਿਆਂ ਹੀ ਨਰੇਸ਼ ਨੂੰ ਗਾਲ੍ਹ ਦੇ ਕੇ, ਜਿੰਨੇ ਵੀ ਪੈਸੇ ਹਨ ਕੱਢ ਕੇ ਦੇਣ ਲਈ ਕਿਹਾ। ਦੁਕਾਨਦਾਰ ਨੇ ਕਿਹਾ ਕਿ ਹਾਲੇ ਤਾਂ ਉਸ ਨੇ ਕੁੱਝ ਸਮਾਂ ਪਹਿਲਾਂ ਹੀ ਦੁਕਾਨ ਖੋਲ੍ਹੀ ਹੈ, ਇਸ ਲਈ ਵੱਟਤ ਨਹੀਂ ਹੋਈ। ਇਹ ਸੁਣਦਿਆਂ ਇੱਕ ਲੁਟੇਰੇ ਨੇ ਆਪਣੀ ਪਿਸਤੌਲ ਉਸ ਦੀ ਛਾਤੀ ’ਤੇ ਲਾ ਲਈ ਅਤੇ ਗੱਲਾ ਖੋਲ੍ਹਣ ਲਈ ਕਹਿਣ ਲੱਗਾ।
ਇਸ ਦੌਰਾਨ ਦੁਕਾਨ ’ਤੇ ਕੰਮ ਕਰਦਾ ਇਲੈਕਟ੍ਰੀਸ਼ਨ ਲੜਕਾ ਆ ਗਿਆ, ਤਾਂ ਦੁਕਾਨਦਾਰ ਨੇ ਹੌਸਲਾ ਕਰਕੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਉਲਟਦਾ ਵੇਖ ਕੇ ਇੱਕ ਲੁਟੇਰੇ ਨੇ ਨਰੇਸ਼ ਦੇ ਸਿਰ ’ਚ ਸੂਏ ਦਾ ਵਾਰ ਕੀਤਾ, ਪਰ ਸਿਰ ਦਾ ਤਾਂ ਬਚਾਅ ਹੋ ਗਿਆ, ਸੂਆ ਡੌਲੇ ਵਿੱਚ ਵੱਜ ਗਿਆ। ਰੌਲਾ ਸੁਣ ਕੇ ਗਲੀ ’ਚੋਂ ਲੰਘਦੇ ਲੋਕ ਵੀ ਲੁਟੇਰਿਆਂ ਨੂੰ ਟੁੱਟ ਕੇ ਪੈ ਗਏ। ਰੌਲੇ ਰੱਪੇ ’ਚ ਦੋ ਜਣੇ ਤਾਂ ਮੋਟਰਸਾਈਕਲ ’ਤੇ ਚੜ੍ਹ ਕੇ ਫ਼ਰਾਰ ਹੋ ਗਏ, ਜਦ ਕਿ ਉਨ੍ਹਾਂ ਦਾ ਤੀਜਾ ਸਾਥੀ ਲੋਕਾਂ ਨੇ ਕਾਬੂ ਕਰ ਲਿਆ। ਡੀਐੱਸਪੀ ਸਿਟੀ-1 ਸੰਦੀਪ ਭਾਟੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ’ਚ ਸ਼ਾਮਿਲ ਪਿੰਡ ਨਰੂਆਣਾ ਦਾ ਲਖਵੀਰ ਸਿੰਘ ਉਰਫ਼ ਲੱਖਾ ਕਾਬੂ ਆ ਗਿਆ ਹੈ ਤੇ ਬਾਕੀ ਫਰਾਰ ਹਨ।