ਸ਼ਹਿਣਾ ਡਰੇਨ ਦਾ ਪਾੜ ਲੋਕਾਂ ਨੇ ਪੂਰਿਆ
ਅੱਜ ਸਵੇਰੇ-ਸਵੇਰੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਸ਼ਹਿਣਾ ਕੋਲ ਸ਼ਹਿਣਾ ਡਰੇਨ ਵਿੱਚ ਪਾੜ ਪੈ ਗਿਆ ਅਤੇ ਡਰੇਨ ਦਾ ਪਾਣੀ ਆਬਾਦੀ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ। ਇਸ ਪਾੜ ਨੂੰ ਦੇਖ ਕੇ ਪੰਚਾਇਤ ਤੁਰੰਤ ਹਰਕਤ ਵਿੱਚ ਆਈ। ਸਰਪੰਚ ਨਾਜ਼ਮ ਸਿੰਘ ਦੇ ਸੱਦੇ ਤੇ ਕਹੀਆਂ, ਬੱਠਲ, ਤੇ ਖਾਲੀ ਬੋਰੀਆਂ ਲੈ ਕੇ ਲੋਕ ਪੁੱਜੇ। ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਡਰੇਨ ਵਿਭਾਗ ਨੂੰ ਪਹਿਲਾਂ ਹੀ ਡਰੇਨ ਦੀ ਮਾੜੀ ਹਾਲਤ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਵਿਭਾਗ ਨੇ ਪੰਚਾਇਤ ਦੀ ਮੰਗ ਤੇ ਡਰੇਨ ਦੀ ਸਫ਼ਾਈ ਤਾਂ ਕਰਵਾਈ ਪਰ ਪੂਰੀ ਸਫ਼ਾਈ ਨਹੀਂ ਕਰਵਾਈ। ਬਰਸਾਤ ਦਾ ਮੌਸਮ ਹੋਣ ਕਾਰਨ ਕਿਸੇ ਵੀ ਸਮੇਂ ਡਰੇਨ ਟੁੱਟ ਸਕਦੀ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੇ ਦੋ ਘੰਟੇ ਦੀ ਮਿਹਨਤ ਪਿੱਛੋਂ ਇਹ ਪਾੜ ਪੂਰ ਦਿੱਤਾ। ਵਿਭਾਗ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਮੌਕੇ ਨਹੀਂ ਪੁੱਜਾ। ਕਿਸਾਨਾਂ ਅਤੇ ਮਜ਼ਦੂਰਾਂ ਨੇ ਭਾਰੀ ਬਰਸਾਤ ਦੇ ਦਰਮਿਆਨ ਹੀ ਇਹ ਪਾੜ ਪੂਰਿਆ। ਜੇਕਰ ਪੰਚਾਇਤ ਕਦਮ ਨਾ ਪੁੱਟਦੀ ਤਾਂ ਇਹ ਪਾੜ ਕਾਫੀ ਵੱਡਾ ਹੋ ਜਾਣਾ ਸੀ ਅਤੇ ਆਬਾਦੀ ’ਚ ਪਾਣੀ ਆ ਜਾਣਾ ਸੀ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਐਤਕੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਇਸ ਲਈ ਸਮੇਂ ਸਿਰ ਨਹਿਰਾਂ ਤੇ ਰਜਵਾਹਿਆਂ ਦੀ ਸਮੇਂ ਸਿਰ ਸਫ਼ਾਈ ਕਰਵਾਈ ਜਾਵੇ।