ਮੀਂਹ ਮਗਰੋਂ ਬਿਮਾਰੀਆਂ ਦੀ ਲਪੇਟ ’ਚ ਆਏ ਲੋਕ
ਜੋਗਿੰਦਰ ਸਿੰਘ ਮਾਨ
ਬੇਮੁਹਾਰੇ ਮੀਂਹਾਂ ਅਤੇ ਹੜ੍ਹਾਂ ਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਲੋਕ ਸ਼ਿਕਾਰ ਹੋਣ ਲੱਗੇ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਕਤਾਰ ਨਹੀਂ ਟੁੱਟ ਰਹੀ। ਲੋਕ ਡੇਂਗੂ, ਚਿਕਨਗੁਣੀਆ, ਪੀਲੀਆ, ਡਾਇਰੀਆ, ਚਮੜੀ ਦੇ ਰੋਗ, ਖੰਘ, ਜੁਕਾਮ ਅਤੇ ਵਾਇਰਲ ਬੁਖ਼ਾਰ ਤੋਂ ਪੀੜਤ ਹਨ। ਮਾਨਸਾ ’ਚ ਹਰ ਘਰ ਇੱਕ ਮਰੀਜ਼ ਹੋਣ ਵਾਲੀ ਨੌਬਤ ਬਣੀ ਹੋਈ ਹੈ। ਸਮੱਸਿਆ ਇਹ ਹੈ ਕਿ ਮੀਂਹਾਂ ਦਾ ਮੌਸਮ ਲੰਘ ਜਾਣ ਤੋਂ ਬਾਅਦ ਵੀ ਮਾਨਸਾ ’ਚ ਮੀਂਹਾਂ ਅਤੇ ਸੀਵਰੇਜ ਦਾ ਗੰਦਾ ਪਾਣੀ ਥਾਂ-ਥਾਂ ਖੜ੍ਹਾ ਹੈ। ਸ਼ਹਿਰ ਵਿੱਚ ਸੀਵਰੇਜ ਓਵਰਫਲੋਅ ਹੋਣ ਅਤੇ ਥਾਂ-ਥਾਂ ਗੰਦਾ ਪਾਣੀ ਭਰਨ ਦੀਆਂ ਸਮੱਸਿਆਵਾਂ ਨੂੰ ਲੈਕੇ ਧਰਨੇ-ਮੁਜ਼ਾਹਰੇ ਕਰ ਰਹੇ ਹਨ।
ਉਧਰ ਭਾਵੇਂ ਪੰਜਾਬ ਦੇ ਸਿਹਤ ਅਤੇ ਖੇਤੀਬਾੜੀ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਹਤ ਮਹਿਕਮੇ ਨੂੰ ਹੜ੍ਹਾਂ ਦੇ ਪਾਣੀ ਨਾਲ ਲੋਕਾਂ ਅਤੇ ਪਸ਼ੂਆਂ ਦੇ ਬਿਮਾਰ ਹੋਣ ਅਤੇ ਉਨ੍ਹਾਂ ਸਾਰ ਲੈਣ ਅਤੇ ਇਲਾਜ ਲਈ ਮੱਦਦ ਕਰਨ ਦੇ ਸਖ਼ਤ ਆਦੇਸ਼ ਜਾ ਕੀਤੇ ਹਨ, ਜਿਸ ਤੋਂ ਬਾਅਦ ਮਾਨਸਾ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੈ।
ਮਾਨਸਾ ਸ਼ਹਿਰ ਅੰਦਰ ਮੀਂਹਾਂ ਦੇ ਮੌਸਮ ਤੋਂ ਪਹਿਲਾਂ ਹੀ ਸੀਵਰੇਜ ਦੇ ਗੰਦੇ ਪਾਣੀ ਨੇ ਸ਼ਹਿਰ ਨੂੰ ਘੇਰਿਆ ਹੋਇਆ ਹੈ। ਬੇਮੁਹਾਰੇ ਮੀਂਹਾਂ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਅਤੇ ਗੰਦਾ ਪਾਣੀ ਲੋਕਾਂ ਦੀ ਰਸੋਈ ਅਤੇ ਬੈੱਡਾਂ ਤੱਕ ਵੀ ਜਾ ਪਹੁੰਚਿਆ। ਹੁਣ ਲੋਕ ਇਸ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਵੱਡੀ ਤਦਾਦ ਵਿੱਚ ਮੱਛਰ ਪੈਦਾ ਹੋਣ ਦੀਆਂ ਸਮੱਸਿਆਵਾਂ ਵਿੱਚ ਘਿਰ ਗਏ ਹਨ। ਨਿੱਜੀ ਹਸਪਤਾਲ ਅੰਦਰ ਡੇਂਗੂ, ਚਮੜੀ ਰੋਗ, ਖੰਘ, ਜੁਕਾਮ ਅਤੇ ਵਾਇਰਲ ਬੁਖ਼ਾਰ ਦੇ ਮਰੀਜ਼ ਜ਼ਿਆਦਾ ਹਨ। ਲੋਕ ਹੜ੍ਹਾਂ ਦੇ ਪਾਣੀ ਨਾਲ, ਗਲੀਆਂ-ਨਾਲੀਆਂ ਅਤੇ ਘਰ ਭਰਨ ਤੋਂ ਇਲਾਵਾ ਹੁਣ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।
ਸੀਵਰੇਜ ਦਾ ਦੂਸ਼ਿਤ ਪਾਣੀ ਮਿਲਣ ਕਾਰਨ ਭਿਆਨਕ ਬਿਮਾਰੀ ਫੈਲਣ ਦਾ ਖਦਸ਼ਾ: ਨੱਤ
ਰੈਡੀਕਲ ਪੀਪਲਜ਼ ਫੋਰਮ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਹੜ੍ਹਾਂ ਅਤੇ ਮੀਂਹਾਂ ਦੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਨਾਲ ਭਿਆਨਕ ਬਿਮਾਰੀ ਵੀ ਫੈਲ ਸਕਦੀ ਹੈ। ਉਕਤ ਬਿਮਾਰੀਆਂ ਨੇ ਲੋਕਾਂ ਨੂੰ ਘੇਰ ਲਿਆ ਹੈ, ਪਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬੰਦ ਕਮਰਾ ਮੀਟਿੰਗ ਕਰਕੇ ਇਸਦੇ ਲਈ ਪੁਖਤਾ ਪ੍ਰਬੰਧ ਹੋਣ ਦਾ ਢੰਡਰੋ ਪਿੱਟਣ ਤੋਂ ਇਲਾਵਾ ਹੋਰ ਕੁੱਝ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਲੋਕਾਂ ਨੂੰ ਮੀਂਹਾਂ ਅਤੇ ਸੀਵਰੇਜ ਦੇ ਪਾਣੀ ਤੋਂ ਤਾਂ ਨਹੀਂ ਬਚਾਅ ਸਕਿਆ, ਹੁਣ ਲੋਕਾਂ ਨੂੰ ਬਿਮਾਰੀਆਂ ਤੋਂ ਤਾਂ ਬਚਾਅ ਲਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਨਾ-ਮਾਤਰ ਹੈ ਅਤੇ ਮਜ਼ਬੂਰੀ ਬੱਸ ਲੋਕਾਂ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ।
ਡੀਸੀ ਵੱਲੋਂ ਅਧਿਕਾਰੀਆਂ ਨੂੰ ਮੀਂਹ ਦੇ ਪਾਣੀ ਦਾ ਹੱਲ ਕਰਨ ਅਤੇ ਫੌਗਿੰਗ ਕਰਵਾਉਣ ਦੇ ਨਿਰਦੇਸ਼
ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਅਧਿਕਾਰੀਆਂ ਨੂੰ ਮੀਂਹਾਂ ਕਾਰਨ ਖੜ੍ਹੇ ਪਾਣੀ ਦਾ ਹੱਲ ਕਰਨ ਅਤੇ ਫੋਗਿੰਗ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਇਲਾਕਿਆਂ ਵਿੱਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਹਦਾਇਤ ਕੀਤੀ ਕਿ ਆਂਗਣਵਾੜੀ ਕੇਂਦਰ, ਸਕੂਲ ਅਤੇ ਕਾਲਜਾਂ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਕਲੋਰੀਨੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਭਾਵਤ ਲੋਕਾਂ ਲਈ ਦਵਾਈਆਂ ਦਾ ਮੁਕੰਮਲ ਪ੍ਰਬੰਧ ਰੱਖਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਦਰਤੀ ਆਫ਼ਤਾਂ ਦੀ ਮਾਰ ਵਿੱਚ ਆਏ ਲੋਕਾਂ ਦੀ ਮੱਦਦ ਕਰਨ ਲਈ ਵਚਨਬੱਧ ਹੈ।