ਮੰਡੀ ਕਿੱਲਿਆਂ ਵਾਲੀ ’ਚ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ
ਮੰਡੀ ਕਿੱਲਿਆਂਵਾਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇੱਥੇ ਨਿਕਾਸੀ ਪ੍ਰਬੰਧ ਫੇਲ੍ਹ ਹੋਣ ਕਾਰਨ ਗੰਦਾ ਪਾਣੀ ਚੌਕਾਂ ਤੇ ਗਲੀਆਂ ’ਚ ਸੜਕਾਂ ’ਤੇ ਖੜ੍ਹਾ ਰਹਿੰਦਾ ਹੈ। ਇੱਥੇ ਬੱਸ ਅੱਡੇ ਦੇ ਦੋਵੇਂ ਮੁੱਖ ਗੇਟਾਂ ’ਤੇ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਦਾ ਖੜ੍ਹਾ ਹੈ। ਇਸੇ ਤਰ੍ਹਾਂ ਨਵੀਂ ਤੇ ਪੁਰਾਣੀ ਭਾਟੀ ਕਲੋਨੀਆਂ, ਧਾਣਕ ਮੁਹੱਲਾ, ਬਾਦਲ ਕਲੋਨੀ ਤੇ ਦਸਮੇਸ਼ ਨਗਰ ਆਦਿ ’ਚ ਸੀਵਰੇਜ ਦਾ ਪਾਣੀ ਸੜਕ ’ਤੇ ਖੜ੍ਹਾ ਰਹਿੰਦਾ ਹੈ। ਕਸਬੇ ਦੇ ਦੋ ਬਹੁ-ਕਰੋੜੀ ਸੀਵਰੇਜ ਟਰੀਟਮੈਂਟ ਪਲਾਟਾਂ ਵਿੱਚੋਂ ਨਰਸਿੰਘ ਕਲੋਨੀ ਸੀਟੀਪੀ ਵਰ੍ਹਿਆਂ ਤੋਂ ਬੰਦ ਪਿਆ ਹੈ। ਭਾਟੀ ਕਲੋਨੀ ਐੱਸਟੀਪੀ ਵਿਭਾਗੀ ਮਨਮਰਜ਼ੀ ’ਤੇ ਨਿਰਭਰ ਹੈ। ਮਾਲਵਾ ਰੋਡ ਪੰਪਿੰਗ ਸਟੇਸ਼ਨ ਦੀ ਸਬਮਰਸੀਬਲ ਮੋਟਰ ਮਹੀਨਿਆਂ ਤੋਂ ਖ਼ਰਾਬ ਹੈ। ਕਸਬੇ ਵਿੱਚ ਸੀਵਰੇਜ ਪਾਈਪ ਲਾਈਨ ਦੀ ਸਾਲਾਂ ਤੋਂ ਸਫ਼ਾਈ ਨਹੀਂ ਹੋਈ ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਥੇ ਐੱਸਟੀਪੀ ਤੇ ਪੰਪ ਸਟੇਸ਼ਨ ਲਈ 6 ਅਪਰੇਟਰਾਂ ਦੀ ਜ਼ਰੂਰਤ ਹੈ, ਜਦਕਿ ਸਿਰਫ਼ ਦੋ ਹਨ। ਲੋਕਾਂ ਨੇ ਕਿਹਾ ਕਿ ਕਸਬੇ ਵਿੱਚ ਸੀਵਰੇਜ ਦੀ ਹਾਲਤ ਪੰਜਾਬ ਸੀਵਰੇਜ ਬੋਰਡ ਨੂੰ ਸੌਂਪਣ ਨਾਲ ਹੀ ਸੁਧਰੇਗੀ।