ਨਕਲੀ ਮਠਿਆਈਆਂ ਦੇ ਡਰੋਂ ਲੋਕ ਚੌਕਸ
ਦੀਵਾਲੀ ਦੇ ਦਿਨਾਂ ਦੌਰਾਨ ਜਦੋਂ ਬਾਜ਼ਾਰ ਵਿੱਚ ਮਾੜੀਆਂ ਮਠਿਆਈਆਂ ਵਿਕਣ ਦੀਆਂ ਵੱਡੀ ਪੱਧਰ ’ਤੇ ਚੋਰ-ਬਾਜ਼ਾਰੀ ਚੱਲਣ ਲੱਗੀ ਤਾਂ ਆਮ ਲੋਕ ਹੁਣ ਮਠਿਆਈਆਂ ਦੀ ਬਿਜਾਏ ਸੁੱਕੇ ਮੇਵੇ ਅਤੇ ਮੁਰੱਬਿਆਂ ਨੂੰ ਖਰੀਦਣ ਵਿੱਚ ਪਹਿਲ ਦੇਣ ਲੱਗੇ ਹਨ। ਲੋਕਾਂ ਦੇ ਮਨ ’ਚ ਬਾਜ਼ਾਰ ’ਚ ਨਕਲੀ ਮਠਿਆਈ ਦੀ ਵਿਕਰੀ ਹੋਣ ਦਾ ਖਦਸ਼ਾ ਵੀ ਹੈ, ਇਸੇ ਕਾਰਨ ਮਠਿਆਈਆਂ ਦੀਆਂ ਦੁਕਾਨਾਂ ’ਤੇ ਤਿਉਹਾਰਾਂ ਦੀ ਰੌਣਕ ਘੱਟ ਅਤੇ ਫ਼ਲਾਂ ਵਾਲੀਆਂ ਰੇਹੜੀਆਂ ਤੋਂ ਲੋਕ ਫਲ ਖਰੀਦ ਰਹੇ ਵੱਧ ਦਿਖਾਈ ਦਿੰਦੇ ਹਨ ਅਤੇ ਇਨ੍ਹੀ ਦਿਨੀਂ ਫ਼ਲ ਰੇਹੜੀਆਂ ਵੀ ਬਾਜ਼ਾਰਾਂ ’ਚ ਵੱਧ ਲੱਗਣ ਲੱਗ ਪਈਆਂ ਹਨ। ਇਸ ਸ਼ਹਿਰ ਦੇ ਬਾਜ਼ਾਰ ਵਿਚੋਂ ਵੱਖ-ਵੱਖ ਦੁਕਾਨਦਾਰਾਂ ਤੋਂ ਇਕੱਤਰ ਕੀਤੇ ਵੇਰਵਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਮਿਲਾਵਟੀ ਤੇ ਰੰਗ-ਬਿਰੰਗੀਆਂ ਮਠਿਆਈਆਂ ਤੋਂ ਮੁੂੰਹ ਮੋੜ ਰਹੇ ਲੋਕਾਂ ਲਈ ਦੀਵਾਲੀ ਦੇ ਮੌਕੇ ਹੁਣ ਖਾਣ-ਪੀਣ ਦੀ ਵਸਤਾਂ ਦਾ ਸਵਾਦ, ਤਰੀਕਿਆਂ ਤੋਂ ਇਲਾਵਾ ਉਨ੍ਹਾਂ ਦਾ ਰੂਪ ਵੀ ਬਦਲਣ ਲੱਗਿਆ ਹੈ। ਲੋਕ ਸੁੱਕੀਆਂ ਤੇ ਨਵੀਆਂ ਵਸਤਾਂ ਦੇ ਸਵਾਦ ਚੱਖਣ ਲਈ ਦੀਵਾਲੀ ’ਤੇ ਖਰੀਦਦਾਰੀ ਕਰ ਰਹੇ ਹਨ। ਇਸ ਵੇਲੇ ਮਾਨਸਾ ਦੇ ਵਰਾਇਟੀ ਸਟੋਰਾਂ ਵਿੱਚ ਸੀਮਤ ਰਹਿਣ ਵਾਲੇ ਤਰ੍ਹਾਂ-ਤਰ੍ਹਾਂ ਦੇ ਮੁਰੱਬਿਆਂ ਦੀ ਵੀ ਦਰਜਨਾਂ ਆਈਟਮਾਂ ਆ ਗਈਆਂ। ਗਾਹਕ ਜਿਹੜੀ ਵਿੱਚ ਵਸਤੂ ਨੁੂੰ ਖਾਣ-ਪੀਣ ਦੀ ਜ਼ਿਕਰ ਕਰਦਾ ਹੈ, ਉਸ ਦਾ ਸਵਾਦ ਚੱਖਣ ਲਈ ਬਾਜ਼ਾਰ ਵਿਚ ਮੁਰੱਬਾ ਵੀ ਉਪਲਬੱਧ ਹੈ। ਸ਼ਹਿਰ ਦੇ ਬਜ਼ਾਰ ਵਿੱਚ ਬਿਸਕੁਟ ਕਢਵਾਉਣ ਵਾਲੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।
ਇਸ ਵੇਲੇ ਦੁਕਾਨਾਂ ਉਪਰ ਪਪੀਤਾ, ਕੀਵੀਂ, ਪਾਈਨ ਐਪਲ, ਕੇਲਾ, ਸੰਤਰਾ, ਅੰਬ, ਲੀਚੀ, ਸੇਬ, ਡਰਾਈਫਰੂਟ ਤੋਂ ਇਲਾਵਾ ਬੀਕਾਨੇਰੀ ਪਤੀਸਾ, ਸੋਨ ਪਾਪੜੀ, ਸਪੰਜੀ ਰਸਗੁੱਲਾ, ਗੁਲਾਬ ਜਾਮਣ ਆਦਿ ਡੱਬਾ ਬੰਦ ਮੌਜੂਦ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਲੋਕ ਖਾਣ-ਪੀਣ ਦੇ ਮਾਮਲੇ ਵਿਚ ਜ਼ਿਆਦਾ ਜਾਗਰੂਕ ਹੋ ਗਏ। ਲੋਕ ਉਨ੍ਹਾਂ ਵਸਤਾਂ ਦੀ ਖਰੀਦ ਕਰਕੇ ਜਾਂ ਸੇਵਨ ਕਰਦੇ ਹਨ, ਜਿਨ੍ਹਾਂ ਦਾ ਸਿਹਤ ਨੂੰ ਫਾਇਦਾ ਹੁੰਦਾ ਹੋਵੇ ਤੇ ਉਨ੍ਹਾਂ ਦੀ ਸੰਭਾਲ ਤੇ ਘਰ ਤੱਕ ਲੈਕੇ ਜਾਣਾ ਵੀ ਆਸਾਨ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲੋਕ ਇਸ ਤਰ੍ਹਾਂ ਦੀ ਵਸਤਾਂ ਦੀ ਮੰਗ ਕਰਦੇ ਹਨ ਤੇ ਇਸ ਨੂੰ ਵੀ ਦੀਵਾਲੀ ਦਾ ਤੌਹਫਾ ਬਣਾ ਕੇ ਅੱਗੇ ਰਿਸ਼ਤੇਦਾਰੀਆਂ ਆਦਿ ਵਿਚ ਦਿੱਤਾ ਜਾਂਦਾ ਹੈ। ਉਧਰ ਡਾ. ਸੰਦੀਪ ਘੰਡ ਅਤੇ ਡਾ. ਸੁਪਨਦੀਪ ਕੌਰ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਆਉਣ ਕਰ ਕੇ ਡੱਬਾ ਬੰਦ ਵਸਤਾਂ ਦੀ ਮੰਗ ਵਧਣ ਲੱਗੀ ਤੇ ਇਸ ਤਰ੍ਹਾਂ ਮਿਲਾਵਟ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰਾਂ ਆਦਿ ਮੌਕੇ ਤਰ੍ਹਾਂ-ਤਰ੍ਹਾਂ ਦੀ ਰੰਗ-ਬਰੰਗੀਆਂ ਮਠਿਆਈ ਖਾਣ ਤੇ ਕਿਸੇ ਨੂੰ ਦੇਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
