ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਇੱਥੋਂ ਦੀਆਂ ਸੜਕਾਂ ਦੀ ਕਈ ਸਾਲਾਂ ਤੋਂਂ ਮੁਰੰਮਤ ਨਾ ਹੋਣ ਕਾਰਨ ਆਵਾਜਾਈ ਸਮੇਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਨਥਾਣਾ ਤੋਂ ਗੋਨਿਆਣਾ ਜਾਣ ਵਾਲੀ ਸੜਕ ਦਾ ਚਾਰ ਕਿਲੋਮੀਟਰ ਟੋਟਾ ਅਜਿਹਾ ਹੈ ਜਿਸ ਦੀ ਸੱਤ ਸਾਲਾਂ ਦੌਰਾਨ ਕਦੇ ਵੀ ਮੁਰੰਮਤ ਨਹੀਂ ਹੋਈ। ਨਤੀਜੇ ਵਜੋਂ ਡੂੰਘੇ ਟੋਏ ਪੈ ਕੇ ਮੋਟੇ ਪੱਥਰ ਵੀ ਬਾਹਰ ਨਿਕਲ ਚੁੱੱਕਿਆ ਹੈ ਅਤੇ ਸੜਕ ਦੀ ਹਾਲਤ ਕੱਚੇ ਰਸਤੇ ਤੋਂ ਵੀ ਬਦਤਰ ਹੈ। ਇਸ ਸੜਕ ਉੱਪਰ ਕਈ ਥਾਵਾਂ ’ਤੇ ਚੋਖੀ ਮਾਤਰਾ ’ਚ ਮਿੱਟੀ ਅਤੇ ਰੋੜੇ ਆਦਿ ਸੁੱਟੇ ਪਏ ਹਨ। ਰਜਬਾਹੇ ਦੇ ਪੁਲ ਤੋਂ ਬੱਸ ਅੱਡੇ ਤੱਕ ਲਿੰਕ ਸੜਕ, ਨਥਾਣਾ ਤੋਂ ਮਹਿਰਾਜ ਜਾਣ ਵਾਲੀ ਸੰਪਰਕ ਸੜਕ ਅਤੇ ਬਾਹਰਲੀ ਫਿਰਨੀ ਵਾਲੀ ਸੜਕ ਅਜਿਹੀਆਂ ਨਕਾਰਾਂ ਹੋ ਚੁੱਕੀਆਂ ਹਨ ਜਿਵੇ ਇਨ੍ਹਾਂ ਦਾ ਕੋਈ ਵਾਲੀ-ਵਾਰਸ ਹੀ ਨਾ ਹੋਵੇ। ਇਹ ਸੰਪਰਕ ਸੜਕਾਂ ਪੰਜਾਬ ਰਾਜ ਮੰਡੀਕਰਨ ਬੋਰਡ ਅਤੇ ਨਗਰ ਪੰਚਾਇਤ ਦੇ ਅਧਿਕਾਰ ਖੇਤਰ ਵਾਲੀਆਂ ਹਨ। ਇਸ ਸਬੰਧੀ ਰਾਬਤਾ ਕਰਨ ’ਤੇ ਮੰਡੀ ਬੋਰਡ ਦੇ ਸਬੰਧਤ ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਸੜਕਾਂ ਦੀ ਰਿਪੇਅਰ ਦੀ ਮਨਜੂਰੀ ਮਿਲ ਚੁੱਕੀ ਹੈ ਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ।
