ਐੱਸ ਡੀ ਐੱਮ ਦਫ਼ਤਰ ਨੂੰ ਜਾਣ ਵਾਲੀ ਖਸਤਾ ਹਾਲਤ ਸੜਕ ਕਾਰਨ ਰਾਹਗੀਰ ਪ੍ਰੇਸ਼ਾਨ
ਕਾਲਾਂਵਾਲੀ ਦੇਸੂ ਮਲਕਾਣਾ ਸੜਕ ’ਤੇ ਬਾਰਸ਼ ਤੋਂ ਬਾਅਦ ਵੀ ਸਹੀ ਨਿਕਾਸੀ ਦੀ ਘਾਟ ਕਾਰਨ ਅਤੇ ਸੜਕ ’ਤੇ ਡੂੰਘੇ ਟੋਏ ਪੈਣ ਕਾਰਨ ਜਨਤਾ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਐੱਸ ਡੀ ਐੱਮ ਦਫ਼ਤਰ ਨੂੰ ਵੀ ਜਾਂਦੀ ਹੈ। ਇਸ ਖੇਤਰ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਕੀਤੀ ਜਾਵੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
ਸਥਾਨਕ ਵਸਨੀਕਾਂ ਗੁਰਪ੍ਰੀਤ ਸਿੰਘ, ਸੇਵਕ ਸਿੰਘ, ਭੋਲਾ ਸਿੰਘ, ਮਨਜੀਤ ਸਿੰਘ, ਚਮਕੀਲਾ ਸਿੰਘ, ਸੰਜੂ ਸਿੰਘ, ਅਵਤਾਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਸੜਕ ’ਤੇ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪੁਰਾਣੇ ਪਟਵਾਰ ਦਫ਼ਤਰ ਨੇੜੇ ਪਾਣੀ ਭਰ ਜਾਂਦਾ ਹੈ, ਜੋ ਕਈ ਦਿਨਾਂ ਤੱਕ ਭਰਿਆ ਰਹਿੰਦਾ ਹੈ। ਮੀਂਹ ਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਡੂੰਘੇ ਟੋਇਆਂ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਭਰਨ ਕਾਰਨ ਜਨਤਾ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਸੜਕ ’ਤੇ ਸਰਕਾਰੀ ਅਤੇ ਨਿੱਜੀ ਸਕੂਲ ਹੋਣ ਕਾਰਨ ਬੱਚਿਆਂ ਨੂੰ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਸੜਕ ’ਤੇ ਰੋਜ਼ਾਨਾ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਇਸ ਸਬੰਧੀ ਵਿਭਾਗ ਦੇ ਜੇਈ ਅਮਰ ਜਾਂਗੜਾ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਪਹਿਲਾਂ ਸੜਕ ਤੋਂ ਪਾਣੀ ਕੱਢੇਗਾ ਅਤੇ ਫਿਰ ਪੱਥਰ ਅਤੇ ਹੋਰ ਢਾਂਚਾ ਰੱਖ ਕੇ ਸੜਕ ਦੀ ਮੁਰੰਮਤ ਕਰੇਗਾ।