ਪਟਵਾਰ ਸਿਖਲਾਈ ਸਕੂਲ ਬਠਿੰਡਾ ਪੰਜਾਬ ਵਿੱਚੋਂ ਅੱਵਲ
ਸ਼ਗਨ ਕਟਾਰੀਆ
ਬਠਿੰਡਾ, 5 ਜੁਲਾਈ
ਡਾਇਰੈਕਟਰ ਲੈਂਡ ਰਿਕਾਰਡ ਪੰਜਾਬ (ਜਲੰਧਰ) ਨੇ ਬੈਚ 2023-24 ਦੀ ਟਰੇਨਿੰਗ ਕਰ ਰਹੇ ਪਟਵਾਰੀਆਂ ਦੀ ਵਿਭਾਗੀ ਪ੍ਰੀਖ਼ਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪੰਜਾਬ ਵਿਚਲੇ ਕੁੱਲ 11 ਪਟਵਾਰ ਟਰੇਨਿੰਗ ਸਕੂਲਾਂ ਵਿੱਚੋਂ ‘ਪਟਵਾਰ ਟਰੇਨਿੰਗ ਸਕੂਲ ਬਠਿੰਡਾ’ ਦਾ ਨਤੀਜਾ ਪੰਜਾਬ ਭਰ ਵਿੱਚੋਂ ਅੱਵਲ ਰਿਹਾ ਹੈ।
ਇਸ ਸਕੂਲ ਦੀ ਸਿਖਿਆਰਥਣ ਗਗਨਦੀਪ ਕੌਰ ਬਠਿੰਡਾ 88.40 ਫ਼ੀਸਦ ਅੰਕ ਲੈ ਕੇ ਪਹਿਲੇ ਦਰਜੇ ’ਤੇ ਆਈ। ਰੁਪਾਲੀ 85.73 ਫ਼ੀਸਦੀ ਅੰਕ ਲੈ ਕੇ ਦੂਜੇ ਅਤੇ ਇਸੇ ਸਕੂਲ ਦੇ ਹੀ ਸਿਖਿਆਰਥੀ ਸੁਮਨਜੋਤ ਸਿੰਘ 85 ਫ਼ੀਸਦ ਅੰਕ ਲੈ ਕੇ ਤੀਜੇ ਨੰਬਰ ’ਤੇ ਆਇਆ।
ਚੌਥੇ ਸਥਾਨ ’ਤੇ ਆਈ ਖੁਸ਼ਮਨਦੀਪ ਕੌਰ ਨੇ 84 ਫ਼ੀਸਦ ਅੰਕ ਪ੍ਰਾਪਤ ਕੀਤੇ, ਜਦਕਿ ਵੀਰਪਾਲ ਕੌਰ ਨੇ 84.27 ਫੀਸਦੀ ਅੰਕ ਹਾਸਲ ਕਰਕੇ ਪੰਜਵਾਂ ਸਥਾਨ ਲਿਆ। ਇਹ ਪੰਜੇ ਪੁਜੀਸ਼ਨਾਂ ਬਠਿੰਡਾ ਸਕੂਲ ਦੇ ਹਿੱਸੇ ਆਈਆਂ, ਜਦ ਕਿ 52 ਵਿੱਚੋਂ 30 ਸਿਖਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਪੰਜਾਬ ਵਿੱਚੋਂ ਕੁੱਲ 13 ਸਿਖਿਆਰਥੀ ਫੇਲ੍ਹ ਅਤੇ ਦੋ ਪ੍ਰੀਖ਼ਿਆ ਵਿੱਚੋਂ ਗ਼ੈਰਹਾਜ਼ਰ ਰਹੇ। ਹੁਣ ਇਨ੍ਹਾਂ ਨਵੇਂ ਪਟਵਾਰੀਆਂ ਦੀ ਨਿਯੁਕਤੀ ਇਸੇ ਮਹੀਨੇ ਹੋਣ ਦੀ ਆਸ ਹੈ। ਉਸ ਤੋਂ ਬਾਅਦ ਪੰਜਾਬ ਵਿੱਚ ਪਟਵਾਰੀਆਂ ਦੀ ਘਾਟ ਪੂਰੀ ਹੋਵੇਗੀ ਅਤੇ ਲੋਕਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਵਿੱਚ ਸੌਖ ਹੋਵੇਗੀ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਟਵਾਰੀਆਂ ਦੀਆਂ 710 ਪੋਸਟਾਂ ਲਈ, ਜੋ ਭਰਤੀ ਸਾਲ-2023 ਵਿੱਚ ਕੀਤੀ ਗਈ ਸੀ, ਉਸ ਵਿੱਚੋਂ 500 ਦੇ ਕਰੀਬ ਉਮੀਦਵਾਰਾਂ ਨੇ ਪਟਵਾਰ ਸੇਵਾ ਜੁਆਇਨ ਕੀਤੀ। ਵੇਟਿੰਗ ਲਿਸਟ ਦੇ ਤਕਰੀਬਨ 50 ਪਟਵਾਰੀਆਂ ਨੂੰ ਛੱਡ ਕੇ ਸਿਖਲਾਈ ਪੂਰੀ ਕਰ ਚੁੱਕੇ ਕੁੱਲ 521 ਉਮੀਦਵਾਰ ਵਿਭਾਗੀ ਪ੍ਰੀਖਿਆ ਵਿੱਚ ਬੈਠੇ।