ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਖ਼ੁਆਰ ਹੋਏ
ਸੀ ਐੱਮ ਓ ਦੀ ਸਿੱਧੀ ਭਰਤੀ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਖ਼ੁਆਰ ਹੋਏ। ਡਾਕਟਰਾਂ ਦੀ ਹੜਤਾਲ ਕਾਰਨ ਜਿੱਥੇ ਓ ਪੀ ਡੀ ਤੇ ਐਮਰਜੈਂਸੀ ਸੇਵਾਵਾਂ ਦੇ ਨਾਲ ਨਾਲ ਪੋਸਟਮਾਰਟਮ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਨੇ ਵੀ ਹੜਤਾਲ ਦਾ ਸਮਰਥਨ ਕੀਤਾ ਹੈ।
ਸੀ ਐੱਮ ਓ ਦੀ ਸਿੱਧੀ ਭਰਤੀ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਮੁਕੰਮਲ ਹੜਤਾਲ ਕੀਤੀ ਗਈ। ਇਸ ਕਾਰਨ ਐਮਰਜੈਂਸੀ ਅਤੇ ਪੋਸਟਮਾਰਟਮ ਸੇਵਾਵਾਂ ਨੂੰ ਵੀ ਮੁਅੱਤਲ ਕਰਨਾ ਪਿਆ। ਸਰਕਾਰੀ ਹਸਪਤਾਲ ਵਿੱਚ ਆਈਆਂ ਜਣੇਪੇ ਵਾਲੀਆਂ ਮਹਿਲਾਵਾਂ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਹਾਲਾਂਕਿ ਸਰਕਾਰ ਅਤੇ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਜਾਂਚ ਵਿੱਚ ਸਹਾਇਤਾ ਲਈ ਮੈਡੀਕਲ ਕਾਲਜ ਅਗਰੋਹਾ ਅਤੇ ਹੋਰ ਹਸਪਤਾਲਾਂ ਤੋਂ ਡਾਕਟਰ ਤਾਇਨਾਤ ਕੀਤੇ ਹਨ। ਇਨ੍ਹਾਂ ਡਾਕਟਰਾਂ ਨੂੰ ਓ ਪੀ ਡੀ ਮਰੀਜ਼ ਦੇਖਣ ਦੇ ਨਾਲ ਨਾਲ ਐਮਰਜੈਂਸੀ ਵਾਰਡਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਮੱਸਿਆ ਨੂੰ ਰੋਕਣ ਲਈ ਵੱਡੀ ਗਿਣਤੀ ’ਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਜ਼ਿਲ੍ਹਾ ਹਸਪਤਾਲ ਸਣੇ ਸਾਰੇ ਸੀ ਐੱਚ ਸੀ ਅਤੇ ਪੀ ਐੱਚ ਸੀ ਵਿੱਚ ਕੰਮ ਕਰਨ ਵਾਲੇ ਸਰਕਾਰੀ ਡਾਕਟਰ ਵੀ ਹੜਤਾਲ ’ਤੇ ਰਹੇ। ਇਹ ਹੜਤਾਲ ਦੋ ਦਿਨਾਂ ਤੱਕ ਚੱਲੇਗੀ।
ਇਸ ਮਾਮਲੇ ਸਬੰਧੀ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਅਸੀਂ ਹੜਤਾਲ ਨਹੀਂ ਚਾਹੁੰਦੇ, ਨਾ ਹੀ ਅਸੀਂ ਚਾਹੁੰਦੇ ਹਾਂ ਕਿ ਕਿਸੇ ਨੂੰ ਕੋਈ ਦਿੱਕਤ ਹੋਵੇ। ਅਸੀਂ ਦੋ ਮਹੀਨਿਆਂ ਤੋਂ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ, ਪਰ ਸਰਕਾਰ ਸਹਿਮਤ ਨਹੀਂ ਹੈ। ਜੇ ਸਰਕਾਰ ਆਪਣਾ ਫੈਸਲਾ ਉਲਟਾਉਂਦੀ ਹੈ, ਤਾਂ ਹੜਤਾਲ ਖ਼ਤਮ ਕਰ ਦਿੱਤੀ ਜਾਵੇਗੀ।
ਦੂਜੇ ਸਟੇਸ਼ਨਾਂ ਤੋਂ ਡਾਕਟਰ ਤਾਇਨਾਤ ਕੀਤੇ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਹਰਿਆਣਾ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ ਐੱਮ ਓ) ਦੀ ਸਿੱਧੀ ਭਰਤੀ ਦੇ ਵਿਰੋਧ ਵਿੱਚ ਕਾਲਾਂਵਾਲੀ ਸੀ ਐੱਚ ਸੀ ਵਿੱਚ ਤਾਇਨਾਤ ਚਾਰੇ ਡਾਕਟਰ ਸੋਮਵਾਰ ਨੂੰ ਹੜਤਾਲ ’ਤੇ ਚਲੇ ਗਏ। ਮਰੀਜ਼ਾਂ ਨੂੰ ਹੋਣ ਵਾਲੀ ਦਿੱਕਤ ਘਟਾਉਣ ਲਈ ਵਿਭਾਗ ਨੇ ਕਾਲਾਂਵਾਲੀ ਸੀ ਐੱਚ ਸੀ ਸਣੇ ਪੇਂਡੂ ਖੇਤਰਾਂ ਦੇ ਸਿਹਤ ਕੇਂਦਰਾਂ ਵਿੱਚ ਹੋਰ ਸ਼ਾਖਾਵਾਂ ਦੇ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ। ਕਾਲਾਂਵਾਲੀ ਸੀ ਐੱਚ ਸੀ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਡਾ. ਇੰਦਰਜੀਤ ਗੋਇਲ, ਡਾ. ਰਵੀ ਕੁਮਾਰ, ਡਾ. ਬਲਜਿੰਦਰ ਸਿੰਘ ਅਤੇ ਡਾ. ਸੁਮਿਤ ਕੌਸ਼ਿਕ ਹੜਤਾਲ ’ਤੇ ਚਲੇ ਗਏ। ਵਿਭਾਗ ਨੇ ਆਯੂਸ਼ ਵਿਭਾਗ ਤੋਂ ਡਾ. ਹਰਸੇਵਕ ਸਿੰਘ, ਡਾ. ਗਗਨਦੀਪ ਕੌਰ, ਡਾ. ਅਕਵਿੰਦਰ ਕੌਰ, ਡਾ. ਪ੍ਰਦੀਪ ਗਰਗ, ਡਾ. ਭੂਸ਼ਣ ਗਰਗ, ਡਾ. ਰਾਕੇਸ਼ ਕੁਮਾਰ ਅਤੇ ਡਾ. ਸੰਜੋਤ ਕੌਰ ਨੂੰ ਕਾਲਾਂਵਾਲੀ ਸੀ ਐੱਚ ਸੀ ਵਿੱਚ ਤਾਇਨਾਤ ਕੀਤਾ ਹੈ। ਡਾ. ਭੂਸ਼ਣ ਗਰਗ ਨੇ ਦੱਸਿਆ ਕਿ ਮੈਡੀਕਲ ਅਫ਼ਸਰਾਂ ਦੀ ਹੜਤਾਲ ਕਾਰਨ ਵਿਭਾਗ ਨੇ ਹੋਰ ਸ਼ਾਖਾਵਾਂ ਦੇ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਨਤੀਜੇ ਵਜੋਂ ਸੋਮਵਾਰ ਨੂੰ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਹੋਈ। ਵਿਭਾਗ ਨੇ ਐਮਰਜੈਂਸੀ ਵਿੱਚ ਵੀ ਇੱਕ ਡਾਕਟਰ ਤਾਇਨਾਤ ਕੀਤਾ।
