ਏਲਨਾਬਾਦ-ਸਿਰਸਾ ਮੁੱਖ ਸੜਕ ’ਤੇ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ
ਸ਼ਹਿਰ ਦੇ ਸਿਰਸਾ ਰੋਡ ’ਤੇ ਤਹਿਸੀਲ ਦਫ਼ਤਰ ਨੇੜੇ ਏਲਨਾਬਾਦ-ਸਿਰਸਾ ਮੁੱਖ ਸੜਕ ’ਤੇ ਬਣੇ ਵੱਡੇ-ਵੱਡੇ ਖੱਡੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇੱਥੇ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ ਪਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਅੱਜ ਇਨ੍ਹਾਂ ਖੱਡਿਆਂ ਵਿੱਚ ਨਰਮੇ ਨਾਲ ਭਰੀ ਇੱਕ ਟਰਾਲੀ ਪਲਟ ਗਈ, ਜਿਸ ਕਾਰਨ ਕਿਸਾਨ ਦਾ ਲਗਪਗ 10 ਤੋਂ 15 ਕੁਇੰਟਲ ਨਰਮਾ ਖ਼ਰਾਬ ਹੋ ਗਿਆ। ਇਸ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਹ ਖੱਡੇ ਪਿਛਲੇ ਇੱਕ ਸਾਲ ਤੋਂ ਬਣੇ ਹੋਏ ਹਨ। ਇਹ ਮੁੱਖ ਸੜਕ ਹੈ। ਤਹਿਸੀਲ ਅਤੇ ਅਦਾਲਤ ਜਾਣ ਵਾਲੇ ਆਮ ਲੋਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੋਂ ਰੋਜ਼ਾਨਾ ਲੰਘਦੇ ਹਨ ਪਰ ਕੋਈ ਵੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪੀ ਡਬਲਯੂ ਡੀ ਵਿਭਾਗ ਦੇ ਕਰਮਚਾਰੀ ਪੁਰਾਣੀਆਂ ਇੱਟਾਂ ਅਤੇ ਕਚਰੇ ਨਾਲ ਇਨ੍ਹਾਂ ਖੱਡਿਆਂ ਨੂੰ ਵਾਰ-ਵਾਰ ਭਰਦੇ ਹਨ ਪਰ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਇੱਥੇ ਪਾਣੀ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਇਹ ਖੱਡੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਲੋਕਾਂ ਨੇ ਕਿਹਾ ਕਿ ਉਹ ਇਸ ਦੇ ਸਥਾਈ ਹੱਲ ਲਈ ਅਨੇਕ ਵਾਰ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਕੋਈ ਹੱਲ ਨਹੀ ਹੋ ਰਿਹਾ। ਜੇਕਰ ਲੋਕ ਨਿਰਮਾਣ ਵਿਭਾਗ ਨੇ ਜਲਦੀ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਕੀਤਾ ਤਾਂ ਉਹ ਸੜਕ ’ਤੇ ਜਾਮ ਲਾ ਕੇ ਪ੍ਰਦਰਸ਼ਨ ਕਰਨਗੇ।