ਸਰਕਾਰੀ ਲਾਰੀਆਂ ਦੀ ਹੜਤਾਲ ਕਾਰਨ ਸਵਾਰੀਆਂ ਪ੍ਰੇਸ਼ਾਨ
ਠੇਕਾ ਆਧਾਰਿਤ ਬੱਸ ਕਰਮਚਾਰੀਆਂ ਦੀ ਹੜਤਾਲ ਕਾਰਨ ਅੱਜ ਪ੍ਰਾਈਵੇਟ ਬੱਸਾਂ ਦੀ ਚਾਂਦੀ ਰਹੀ| ਹੜਤਾਲੀ ਮੁਲਾਜ਼ਮਾਂ ਨੇ ਕੰਮ ਛੱਡ ਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕੀਤੇ| ਉਨ੍ਹਾਂ ਦੀ ਮੁੱਖ ਮੰਗ ਕੱਚੇ ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ ਦੀ ਸੀ| ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਬੱਸ ਕਾਮੇ ਅੱਜ ਛੁੱਟੀ ’ਤੇ ਰਹੇ| ਪੱਕੇ ਮੁਲਾਜ਼ਮ ਭਾਵੇਂ ਡਿਊਟੀ ’ਤੇ ਸਨ, ਪਰ ਫਿਰ ਵੀ ਵੱਡੀ ਗਿਣਤੀ ਬੱਸਾਂ ਦਾ ਪਹੀਆ ਜਾਮ ਰਿਹਾ| ਨਤੀਜਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਅੱਜ ਪੌਂ ਬਾਰਾਂ ਰਹੀਆਂ| ਪੂਰਾ ਦਿਨ ਨਿੱਜੀ ਬੱਸਾਂ ਸਵਾਰੀਆਂ ਨਾਲ ਤੂੜੀਆਂ ਰਹੀਆਂ| ਮੁਸਾਫ਼ਿਰਾਂ ਨੂੰ ਬੇ-ਅਥਾਹ ਭੀੜ ਭੜੱਕੇ ’ਚ ਸਫ਼ਰ ਕਰਨ ਲਈ ਮਜ਼ਬੂਰ ਹੋਣਾ ਪਿਆ| ਮੁਫ਼ਤ ਸਫ਼ਰ ਸਹੂਲਤ ਲੈਣ ਵਾਲੀਆਂ ਮਹਿਲਾਵਾਂ ਨੂੰ ਅੱਜ ਮਜਬੂਰੀ ਵੱਸ ਪੈਸਾ ਖਰਚ ਕੇ ਸਫ਼ਰ ਕਰਨਾ ਪਿਆ| ਆਪਣੀਆਂ ਬੱਸਾਂ ’ਤੇ ਔਰਤਾਂ ਨੂੰ ਚੜ੍ਹਾਉਣ ਲਈ ਅੱਡਿਆਂ ’ਤੇ ‘ਅੱਧੀ ਟਿਕਟ’ ਕਟਾਉਣ ਦੀਆਂ ਮਿੰਨਤਾਂ ਕਰਨ ਵਾਲੇ ਕੰਡਕਟਰਾਂ ਨੇ ਅੱਜ ਨੱਕੋ-ਨੱਕ ਭਰੀਆਂ ਮੋਟਰਾਂ ’ਚ ਸਫ਼ਰ ਕਰ ਰਹੀਆਂ ਬੀਬੀਆਂ ਦੀਆਂ ਪੂਰੀਆਂ ਟਿਕਟਾਂ ਕੱਟੀਆਂ| ਉਧਰ ਹੜਤਾਲੀ ਬੱਸ ਕਰਮਚਾਰੀਆਂ ਨੇ ਬਠਿੰਡਾ ਬੱਸ ਅੱਡੇ ’ਤੇ ਰੋਸ ਧਰਨਾ ਦਿੱਤਾ| ਉਨ੍ਹਾਂ ਕੱਚੇ ਕਾਮਿਆਂ ਨੂੰ ਪੱਕੇ ਕਰਨ, ਸਰਕਾਰੀ ਬੱਸਾਂ ਦੇ ਫਲੀਟ ਦੀ ਗਿਣਤੀ ਵਧਾਉਣ, ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਬੰਦ ਕਰਨ ਵਰਗੀਆਂ ਅਨੇਕਾਂ ਮੰਗਾਂ ’ਤੇ ਪ੍ਰਦਰਸ਼ਨ ਕੀਤਾ| ਸਰਕਾਰ ਅਤੇ ਟਰਾਂਸਪੋਰਟ ਮੈਨੇਜਮੈਂਟ ਨਾਲ ਅੱਜ ਸੂਬਾਈ ਆਗੂਆਂ ਦੀ ਹੋਈ ਗੱਲਬਾਤ ਟੁੱਟਣ ਦਾ ਸੁਨੇਹਾ ਮਿਲਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ| ਉਨ੍ਹਾਂ ਆਪਣੀ ਲੀਡਰਸ਼ਿਪ ਦੇ ਉੱਪਰੋਂ ਆਏ ਫੈਸਲੇ ਅਨੁਸਾਰ ਭਲਕੇ ਆਜ਼ਾਦੀ ਦਿਵਸ ਸਮਾਰੋਹਾਂ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਬਾਰੇ ਵੀ ਦੱਸਿਆ| ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿਖੇ ਮੁੱਖ ਮੰਤਰੀ ਅਤੇ ਮਾਨਸਾ ਵਿਚ ਟਰਾਂਸਪੋਰਟ ਮੰਤਰੀ ਦੀ ਭਲਕੇ ਆਮਦ ਦੀ ਮੁਖ਼ਾਲਫ਼ਿਤ ਕੀਤੀ ਜਾਵੇਗੀ| ਮਾਨਸਾ ਦੇ ਬੱਸ ਅੱਡੇ ’ਚ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਸਿਰਸਾ ਜਾਣ ਲਈ ਪੌਣੇ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀ ਹੈ, ਪਰ ਉਸ ਨੂੰ ਕੋਈ ਸਿੱਧੀ ਬੱਸ ਸਿਰਸਾ ਦੀ ਨਹੀਂ ਮਿਲ ਰਹੀ ਹੈ। ਦਿਲਚਸਪ ਗੱਲ ਹੈ ਕਿ ਮਾਨਸਾ ਤੋਂ ਸਿਰਸਾ ਲਈ ਸਿਰਫ਼ ਪੀਆਰਟੀਸੀ ਅਤੇ ਰੋਡਵੇਜ਼ ਦੀਆਂ ਬੱਸਾਂ ਹੀ ਜਾਂਦੀਆਂ-ਆਉਂਦੀਆਂ ਹਨ। ਇਸੇ ਤਰ੍ਹਾਂ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਬਠਿੰਡਾ, ਜਲੰਧਰ, ਸੰਗਰੂਰ ਅਤੇ ਹੋਰ ਸ਼ਹਿਰਾਂ ਨੂੰ ਜਾਣ ਲਈ ਔਰਤਾਂ ਸਮੇਤ ਲੋਕ ਅੱਡਿਆਂ ’ਤੇ ਪ੍ਰੇਸ਼ਾਨ ਹੁੰਦੇ ਰਹੇ। ਪੀਆਰਟੀਸੀ ਦੇ ਬਠਿੰਡਾ ਡੀਪੂ ਦੇ ਪ੍ਰਧਾਨ ਰਾਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰਵੱਈਏ ਤੋਂ ਤੰਗ ਆ ਕੇ ਕਾਮਿਆਂ ਵੱਲੋਂ ਮਜ਼ਬੂਰਨ ਭਲਕੇ 15 ਅਗਸਤ ਨੂੰ ਮੁੜ ਹੜਤਾਲ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹੜਤਾਲ ਸਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ, ਪਰ ਇਸ ਦੇ ਬਾਵਜੂਦ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਗੱਲਬਾਤ ਦੌਰਾਨ ਕੋਈ ਵੀ ਭਰੋਸਾ ਨਾ ਦਿਵਾਇਆ ਗਿਆ, ਜਿਸ ਤੋਂ ਅੱਕੇ-ਥੱਕੇ ਕਾਮੇ ਮੁੜ ਹੜਤਾਲ `ਤੇ ਜਾ ਰਹੇ ਹਨ।
ਸ੍ਰੀ ਬਰਾੜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਅੱਜ ਦੀ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਕੋਲੋਂ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰਹਿਕੇ ਟਰਾਂਸਪੋਰਟ ਵਿਭਾਗ ਵਿਚੋਂ ਵਿਚੋਲੀਏ ਬਾਹਰ ਕੱਢਕੇ ਪੰਜਾਬ ਦੀ ਟਰਾਂਸਪੋਰਟ ਇੰਡਸਟਰੀ ਨੂੰ ਬਚਾਉਣ ਲਈ ਸਹੀ ਉਪਰਾਲੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।