ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਸਵਾਰੀਆਂ ਹੋਈਆਂ ਖੁਆਰ 

ਮੰਗਾਂ ਮੰਨਣ ਦੇ ਲਿਖਤੀ ਪੱਤਰ ਜਾਰੀ ਹੋਣ ਤੋਂ ਬਾਅਦ ਹੜਤਾਲ ਮੁਲਤਵੀ; ਟਰਾਂਸਪੋਰਟ ਸਕੱਤਰ ਨਾਲ ਮੀਟਿੰਗ 13 ਨੂੰ
ਮਾਨਸਾ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਖਾਲੀ ਪਏ ਕਾਊਂਟਰ। 
Advertisement

ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਵਿਰੁੱਧ ਵਿੱਚ ਅੱਜ ਦੁਪਹਿਰ ਵੇਲੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ, ਜਿਸ ਕਾਰਨ ਮਾਲਵਾ ਖੇਤਰ ਵਿੱਚ ਇਨ੍ਹਾਂ ਬੱਸਾਂ ’ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਲ ਕੇ ਰੱਖੜੀ ਦਾ ਤਿਉਹਾਰ ਹੋਣ ਕਰ ਕੇ ਸਭ ਤੋਂ ਜ਼ਿਆਦਾ ਦਿੱਕਤ ਮਹਿਲਾ ਸਵਾਰੀਆਂ ਲਈ ਖੜ੍ਹੀ ਹੋ ਗਈ, ਜਿਨ੍ਹਾਂ ਦਾ ਸਰਕਾਰੀ ਬੱਸਾਂ ਵਿੱਚ ਕਿਰਾਇਆ ਵੀ ਮੁਫ਼ਤ ਹੈ। ਲਗਭਗ ਦੋ ਘੰਟੇ ਹੜਤਾਲ ਰਹਿਣ ਕਾਰਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਬੇਹੱਦ ਖੱਜਲ-ਖੁਆਰ ਹੋਣਾ ਪਿਆ। ਇਸ ਸਮੇਂ ਦੌਰਾਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ। ਮਾਲਵਾ ਖੇਤਰ ਵਿੱਚ ਬੁਢਲਾਡਾ, ਬਰਨਾਲਾ, ਸੰਗਰੂਰ, ਬਠਿੰਡਾ, ਫਰੀਦਕੋਟ ਡਿੱਪੂਆਂ ਵਿੱਚ ਪੀਆਰਟੀਸੀ ਦੇ ਕਾਮਿਆਂ ਵੱਲੋਂ ਸਰਕਾਰ ਵਿਰੋਧੀ ਜਬਰਦਸਤ ਰੈਲੀਆਂ ਕੀਤੀਆਂ ਗਈਆਂ।

ਇਸ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਾਮਿਆਂ ਦੀ ਮੰਗਾਂ ਨੂੰ ਗੰਭੀਰਤਾ ਲੈਂਦਿਆਂ ਉਨ੍ਹਾਂ ਸਵੀਕਾਰ ਕਰਨ ਦਾ ਲਿਖਤੀ ਪੱਤਰ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਕਾਮਿਆਂ ਵੱਲੋਂ ਹੜਤਾਲ ਨੂੰ ਖੋਲ੍ਹਿਆ ਗਿਆ ਅਤੇ ਹੜਤਾਲ ਖੋਲ੍ਹਣ ਮਗਰੋਂ ਸਵਾਰੀਆਂ ਨੂੰ ਸੁੱਖ ਦਾ ਸਾਹ ਆਇਆ।

Advertisement

ਪੰਜਾਬ ਸਟੇਟ ਬੱਸ ਮੈਨੇਜਮੈਂਟ ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਨਬੱਸ ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸ ਪਾਉਣ ਸਬੰਧੀ ਟੈਂਡਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਵਰਕਰਾਂ ਦੀਆਂ ਤਨਖਾਹਾਂ ਦੇਣ ਸਬੰਧੀ ਡਿੱਪੂਆਂ ਨੂੰ ਪੈਸਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਡਿੱਪੂ ਮੈਨੇਜਰਾਂ ਨੂੰ ਕਾਮਿਆਂ ਦੇ ਖਾਤਿਆਂ ਵਿੱਚ ਰਕਮ ਪਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਸਕੱਤਰ ਟਰਾਂਸਪੋਰਟ ਨਾਲ 13 ਅਗਸਤ ਨੂੰ ਬਾਅਦ ਦੁਪਹਿਰ ਕਾਮਿਆਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ।

ਉਧਰ ਇਸ ਪੱਤਰ ਤੋਂ ਬਾਅਦ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜੇ 13 ਅਗਸਤ ਦੀ ਮੀਟਿੰਗ ’ਚ ਮੰਗਾਂ ਨਾ ਮੰਨੀਆਂ ਤਾਂ 14 ਅਗਸਤ ਨੂੰ ਮੁੜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।

Advertisement