ਚੱਕ ਗਾਂਧਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਪਿੰਡ ਚੱਕ ਗਾਂਧਾ ਸਿੰਘ ਵਾਲਾ ’ਚ ਪਾਸ ਕੀਤੇ ਕੰਮ ਸ਼ੁਰੂ ਕਰਵਾਉਣ, ਮਨਰੇਗਾ ਦੇ ਬੰਦ ਕੀਤੇ ਕੰਮ ਬਹਾਲ ਕਰਵਾਉਣ ਲਈ ਕਥਿਤ ਤੌਰ ’ਤੇ ਪੰਚਾਇਤ ਦੀ ਗੱਲ ਨਾ ਸੁਣਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਪੰਚਾਇਤ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਉਪਰੰਤ ਪੰਚਾਇਤ ਦੀ ਏਡੀਸੀ ਵਿਕਾਸ ਸੁਰਿੰਦਰ ਸਿੰਘ ਢਿੱਲੋਂ ਅਤੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨਾਲ ਮੀਟਿੰਗ ਕਰਵਾਈ ਗਈ ਜਿਨ੍ਹਾਂ ਨੇ ਪਾਸ ਕੀਤੇ ਗਏ ਕੰਮ ਜਲਦੀ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਹਰਜਿੰਦਰ ਖੋਖਰ, ਰਾਜਪ੍ਰੀਤ ਸਿੰਘ, ਜਗਦੀਸ਼ ਸਿੰਘ, ਵਿੱਕੀ ਸਿੰਘ ਨੇ ਕਿਹਾ ਕਿ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿੱਚ ਲੰਮੇ ਸਮੇਂ ਤੋਂ ਗਲੀਆਂ ਦਾ ਕੰਮ ਪਾਸ ਕਰਵਾਇਆ ਹੋਇਆ ਹੈ ਜੋ ਚਾਲੂ ਨਹੀਂ ਕੀਤਾ ਜਾ ਰਿਹਾ। ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾਂ ਆਗੂ ਸੁਖਪ੍ਰੀਤ ਕੌਰ ਰਜਿੰਦਰ ਢਿੱਲਵਾਂ ਨੌਂ ਨਿਹਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਕੋਈ ਕੰਮ ਨਹੀਂ ਚਲਾਏ ਜਾ ਰਹੇ ਜਿਸ ਕਰਕੇ ਵਿਕਾਸ ਕਾਰਜ ਰੁਕੇ ਹੋਏ ਹਨ। ਆਗੂਆਂ ਨੇ ਕਿਹਾ ਕਿ ਚੱਕ ਗਾਂਧਾ ਸਿੰਘ ਵਾਲਾ ਵਿੱਚ ਗਲੀਆਂ ਦਾ ਬੁਰਾ ਹਾਲ ਹੈ ਜਿਨ੍ਹਾਂ ਦਾ ਕੰਮ ਜਲਦ ਚਾਲੂ ਕਰਵਾਇਆ ਜਾਵੇ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਏਡੀਸੀ ਡਿਵੈਲਪਮੈਂਟ ਨਾਲ ਆਗੂਆਂ ਦੀ ਮੀਟਿੰਗ ਕਰਵਾਈ ਗਈ ਅਤੇ ਉਨ੍ਹਾਂ ਨੇ ਜਲਦੀ ਹੀ ਰੁਕੇ ਹੋਏ ਕੰਮ ਚਾਲੂ ਕਰਨ ਦਾ ਭਰੋਸਾ ਦਿੱਤਾ। ਆਗੂਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਨਾ ਹੋਈ ਜਾਂ ਕੰਮ ਚਾਲੂ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਧਾਇਕ ਦੀ ਘਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਚੱਕ ਗਾਂਧਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਜੋ ਮਾਮਲਾ ਲਿਆਂਦਾ ਗਿਆ ਹੈ ਉਹ ਜਲਦੀ ਹੀ ਇਸਦੀ ਬਣਦੀ ਕਾਰਵਾਈ ਕਰਨਗੇ।