ਭੀਖੀ ਬਲਾਕ ਤੋੜਨ ਖ਼ਿਲਾਫ਼ ਪੱਕਾ ਮੋਰਚਾ ਮੁਲਤਵੀ
ਮਾਨਸਾ ਜ਼ਿਲ੍ਹੇ ਦੇ ਭੀਖੀ ਬਲਾਕ ਨੂੰ ਤੋੜਨ ਖ਼ਿਲਾਫ਼ ਪਿਛਲੇ 43 ਦਿਨਾਂ ਤੋਂ ਚੱਲਿਆ ਆ ਰਿਹਾ ਪੱਕਾ ਮੋਰਚਾ ਅੱਜ ਡੀਡੀਪੀਓ ਵੱਲੋਂ ਵਿਸ਼ਵਾਸ ਦਿਵਾਏ ਜਾਣ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਇਸ ਧਰਨੇ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਹਾਜ਼ਰ ਹੋਈਆਂ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜਸਬੀਰ ਕੌਰ ਨੱਤ, ਛੱਜੂ ਰਾਮ ਰਿਸ਼ੀ, ਇਕਬਾਲ ਸਿੰਘ ਫਫੜੇ, ਭੋਲਾ ਸਿੰਘ ਸਮਾਓਂ ਆਦਿ ਸ਼ਾਮਲ ਸਨ।
ਇਸ ਤੋਂ ਪਹਿਲਾਂ ਮਾਨਸਾ ਦੇ ਡੀਸੀ ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਕਵਿਤਾ ਗਰਗ ਦੀ ਡਿਊਟੀ ਲਗਾ ਕੇ ਸੰਘਰਸ਼ ਕਮੇਟੀ ਨਾਲ ਧਰਨੇ ਵਿੱਚ ਜਾ ਕੇ ਗੱਲ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਅੱਜ ਧਰਨੇ ਵਿੱਚ ਪੁੱਜ ਕੇ ਭਰੋਸਾ ਦਿਵਾਇਆ ਕਿ ਭੀਖੀ ਬਲਾਕ ਨੂੰ ਨਹੀਂ ਤੋੜਿਆ ਜਾਵੇਗਾ ਤੇ ਜੇ ਕੋਈ ਤੋੜਨ ਵਾਲੀ ਗੱਲਬਾਤ ਹੋਵੇਗੀ ਤਾਂ ਚਿੱਠੀ-ਪੱਤਰ ਸਭ ਤੋਂ ਪਹਿਲਾਂ ਪ੍ਰਸ਼ਾਸਨ ਕੋਲ ਆਵੇਗਾ। ਇਸ ਬਾਰੇ ਸੰਘਰਸ਼ ਕਮੇਟੀ ਨੂੰ ਦੇਕੇ ਸੂਚਿਤ ਕੀਤਾ ਜਾਵੇਗਾ।
ਜ਼ਿਲ੍ਹਾ ਅਧਿਕਾਰੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਸੰਘਰਸ਼ ਨੂੰ ਮੁਅਤਲ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਸਰਕਾਰ ਨੂੰ ਚਿਤਾਵਾਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਵਿਸ਼ਵਾਸ ਦਾ ਭਰੋਸਾ ਤੋੜਿਆ ਤਾਂ ਜਥੇਬੰਦੀਆਂ ਵੱਲੋਂ ਮੁੜ ਵੱਡਾ ਅੰਦੋਲਨ ਆਰੰਭ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਬਾਅਦ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਪਿੰਡਾਂ ਦੇ ਲੋਕਾਂ, ਮੋਹਤਵਰ ਵਿਅਕਤੀਆਂ ਵੱਲੋਂ ਇਸ ਬਲਾਕ ਤੋੜਨ ਵਾਲੇ ਸੰਘਰਸ਼ ਵਿੱਚ ਪਾਏ ਯੋਗਦਾਨ ਲਈ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਧਰਮਪਾਲ ਨੀਟਾ, ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ, ਭੂਰਾ ਸਿੰਘ ਸਮਾਉ, ਬਲਜੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ।