ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਦੇ ਵਿਰੋਧ ਮਗਰੋਂ ਝੋਨੇ ਦੀ ਖ਼ਰੀਦ ਸ਼ੁਰੂ

ਅਨਾਜ ਮੰਡੀ ਦੇ ਗੇਟਾਂ ਦੇ ਤਾਲੇ ਖੋਲ੍ਹ ਕੇ ਟਰਾਲੀਆਂ ਅੰਦਰ ਵਾਡ਼ੀਆਂ
ਮਾਨਸਾ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਸਾਹਮਣੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰੁਲਦੂ ਸਿੰਘ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਾਨਸਾ ਦੀ ਆਧੁਨਿਕ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਬੰਦ ਕਰਨ ’ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਖਰੀਦ ਏਜੰਸੀਆਂ ਅਧਿਕਾਰੀਆਂ ਨੇ ਝੋਨੇ ਦੀ ਬੋਲੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਝੋਨਾ ਨਾ ਖਰੀਦਣ ਲਈ ਕੱਲ੍ਹ ਗੇਟਾਂ ਨੂੰ ਸੰਗਲ ਲਾ ਦਿੱਤੀ ਸੀ ਜਿਸ ਦੀ ਕੰਨਸੋਅ ਕਿਸਾਨ ਆਗੂਆਂ ਨੂੰ ਮਿਲ ਗਈ। ਸੰਯੁਕਤ ਕਿਸਾਨ ਮੋਰਚੇ ਨੇ ਐਕਸ਼ਨ ਕਰਦਿਆਂ ਗੇਟਾਂ ਦੇ ਤਾਲੇ ਖੋਲ੍ਹ ਕੇ ਝੋਨਾ ਵੇਚਣ ਆਏ ਕਿਸਾਨਾਂ ਦੀਆਂ ਟਰਾਲੀਆਂ ’ਚ ਦਾਖਲ਼ ਕਰਵਾਈਆਂ। ਕਿਸਾਨਾਂ ਦੇ ਸੰਘਰਸ਼ ਮਗਰੋਂ ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਬੋਲੀ ਸ਼ੁਰੂ ਕਰਵਾਈ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਜਿਣਸ ਲਿਆ ਕੇ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੋਗਸ ਖਰੀਦ ਦੇ ਡਰੋਂ ਝੋਨੇ ਦੀ ਖਰੀਦ ਬੰਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਝੋਨਾ ਅਜੇ ਵੀ ਵਿਕਣ ਲਈ ਘਰਾਂ ਵਿੱਚ ਪਿਆ ਹੈ, ਉਨ੍ਹਾਂ ਨੂੰ ਹੁਣ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਨਾਲ ਮੰਡੀਆਂ ਵਿੱਚ ਲਿਆਂਦਾ ਜਾ ਸਕਦਾ ਹੈ।

Advertisement

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਵਪਾਰੀਆਂ ਵੱਲੋਂ ਬਾਹਰਲੇ ਸੂਬਿਆਂ ’ਚੋਂ ਸਸਤਾ ਝੋਨਾ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ (ਐੱਮ ਐੱਸ ਪੀ) ਉਪਰ ਵੇਚਿਆ ਜਾ ਰਿਹਾ ਸੀ ਤਾਂ ਉਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਅਜਿਹੇ ਟਰਾਲੀਆਂ ਫੜ ਕੇ ਪ੍ਰਸ਼ਾਸਨ ਹਵਾਲੇ ਕੀਤੀਆਂ ਗਈਆਂ ਸਨ ਪਰ ਉਸ ਵੇਲੇ ਸਰਕਾਰ ਨੇ ਕੋਈ ਕਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵੱਡੀ ਪੱਧਰ ’ਤੇ ਬਾਹਰੋਂ ਝੋਨਾ ਲਿਆ ਕੇ ਵਪਾਰੀਆਂ ਨੇ ਮੋਟੇ ਹੱਥ ਰੰਗ ਲਏ ਤਾਂ ਸਰਕਾਰ ਕਿਸਾਨਾਂ ਦਾ ਝੋਨਾ ਖਰੀਦਣ ਦਾ ਪੰਗਾ ਖੜ੍ਹਾ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਝੋਨਾ ਅਜੇ ਵੀ ਘਰਾਂ ਵਿੱਚ ਸਟੋਰ ਕਰਕੇ ਰੱਖਿਆ ਹੋਇਆ ਹੈ, ਉਸ ਝੋਨੇ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅੰਦੋਲਨਾਂ ਜ਼ਰੀਏ ਹਰ ਹਾਲਤ ਵਿੱਚ ਵਿਕਾਉਣ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕੇ, ਅਮਰੀਕ ਸਿੰਘ ਫਫੜੇ, ਜਗਸੀਰ ਸਿੰਘ ਜਵਾਹਰਕੇ, ਰਾਮਫ਼ਲ ਸਿੰਘ ਚੱਕ ਅਲੀਸ਼ੇਰ, ਕ੍ਰਿਸ਼ਨ ਚੌਹਾਨ ਅਤੇ ਹੋਰ ਹਾਜ਼ਰ ਸਨ।

ਖ਼ਰੀਦ ਬੰਦ ਕਰਨ ’ਤੇ ਆਵਾਜਾਈ ਰੋਕੀ

ਲੰਬੀ (ਇਕਬਾਲ ਸਿੰਘ ਸ਼ਾਂਤ): ਦਾਣਾ ਮੰਡੀ ਕਿੱਲਿਆਂਵਾਲੀ ਵਿੱਚ ਸੂਬਾ ਸਰਕਾਰ ਦੇ ਫ਼ੈਸਲੇ ਮੁਤਾਬਕ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਜਿਸ ਦੇ ਵਿਰੋਧ ਵਿੱਚ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੇ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੰਡੀ ਵਿੱਚ ਡੇਢ ਲੱਖ ਤੋਂ ਵੱਧ ਗੱਟਾ ਝੋਨਾ ਅਣਵਿਕਿਆ ਪਿਆ ਹੈ ਪਰ ਸਰਕਾਰ ਵੱਲੋਂ ਬਿਨਾਂ ਅਗਾਊਂ ਜਾਣਕਾਰੀ ਦਿੱਤਿਆਂ ਖ਼ਰੀਦ ਬੰਦ ਕਰ ਦਿੱਤੀ ਗਈ। ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਸਰਕਾਰ ਝੋਨਾ ਖਰੀਦ ਦੇ ਅੰਕੜਿਆਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਆਪਣੀ ਖਰੀਦ ਨੂੰ ਤਰਜੀਹ ਦਿੰਦੇ ਹਨ ਜਿਸ ਕਾਰਨ ਆਮ ਆੜ੍ਹਤੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖਰੀਦੇ ਝੋਨੇ ਲਈ ਬਾਰਦਾਨਾ ਮੁਹੱਈਆ ਕਰਵਾਉਣ ਅਤੇ ਖਰੀਦ ਮੁੜ ਸ਼ੁਰੂ ਕਰਨ ਦੀ ਮੰਗ ਮੁੱਖ ਦਫ਼ਤਰ ਭੇਜੀ ਜਾਵੇਗੀ ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਐਤਕੀਂ ਕਰੀਬ 40 ਤੋਂ 50 ਹਜ਼ਾਰ ਗੱਟਿਆਂ ਦੀ ਵੱਧ ਆਮਦ ਹੋਈ ਹੈ, ਜਿਸ ਕਾਰਨ ਖਰੀਦ ਬੰਦ ਕੀਤੀ ਗਈ ਹੈ। ਬੀਤੇ ਦਿਨੀਂ ਮੰਡੀ ਵਿੱਚ ਵੱਡੇ ਢੇਰਾਂ ਕਾਰਨ ਗੈਰਕਾਨੂੰਨੀ ਖਰੀਦ ਦੇ ਦੋਸ਼ ਲੱਗੇ ਸਨ। ਹੁਣ ਵੱਧ ਝੋਨੇ ਵਾਲੇ ਕਈ ਆੜ੍ਹਤੀਆਂ ਅਤੇ ਸ਼ੈੱਲਰ ਸਰਕਾਰੀ ਜਾਂਚ ਦੇ ਨਿਸ਼ਾਨੇ ’ਤੇ ਹਨ। ਸਰਕਾਰੀ ਸੂਤਰਾਂ ਅਨੁਸਾਰ, ਕੁਝ ਸ਼ੈੱਲਰਾਂ ਵੱਲੋਂ ਹੋਰ ਸੂਬਿਆਂ ਤੋਂ ਗੈਰਕਾਨੂੰਨੀ ਝੋਨਾ ਮੰਡੀ ਵਿੱਚ ਲਿਆਂਦੇ ਜਾਣ ਦਾ ਖਦਸ਼ਾ ਹੈ। ਖਰੀਦ ਬੰਦ ਕਰਨ ਤੋਂ ਪਹਿਲਾਂ ਮੰਡੀ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਸੀ।

Advertisement
Show comments