ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਪੈਣ ਕਾਰਨ ਝੋਨੇ ਦੀ ਖ਼ਰੀਦ ਅਤੇ ਵਾਢੀ ਰੁਕੀ

ਕਣਕ ਦੀ ਬਿਜਾਈ ਅਤੇ ਨਰਮੇ ਦੀ ਚੁਗਾਈ ਦਾ ਕੰਮ ਵੀ ਪ੍ਰਭਾਵਿਤ; ਕਿਸਾਨ ਫ਼ਿਕਰਮੰਦ
ਪਿੰਡ ਭੈਣੀਬਾਘਾ ਦੇ ਖ਼ਰੀਦ ਕੇਂਦਰ ’ਚ ਝੋਨੇ ਦੀ ਢੇਰੀ ’ਤੇ ਬੈਠਾ ਹੋਇਆ ਕਿਸਾਨ।
Advertisement

ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਬਾਅਦ ਦੁਪਹਿਰ ਪਏ ਮੀਂਹ ਕਾਰਨ ਭਾਵੇਂ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਇਸ ਨਾਲ ਖੇਤਾਂ ਵਿੱਚ ਕੰਬਾਈਨਾਂ ਨਾਲ ਝੋਨੇ ਦੀ ਵਾਢੀ ਰੁਕ ਗਈ ਹੈ। ਇਸੇ ਤਰ੍ਹਾਂ ਖ਼ਰੀਦ ਕੇਂਦਰਾਂ ਵਿੱਚ ਪਏ ਝੋਨੇ ਦੀ ਖ਼ਰੀਦ ਵੀ ਪ੍ਰਭਾਵਿਤ ਹੋਈ। ਮੰਡੀਆਂ ਵਿੱਚ ਵਿਕਣ ਲਈ ਲਿਆਂਦਾ ਝੋਨਾ ਕਿਸਾਨਾਂ ਨੇ ਤਰਪਾਲਾਂ ਨਾਲ ਢਕ ਦਿੱਤਾ ਹੈ। ਮੀਂਹ ਕਾਰਨ ਇਲਾਕੇ ਵਿੱਚ ਕਿਸੇ ਵੀ ਖ਼ਰੀਦ ਕੇਂਦਰ ਵਿੱਚ ਅੱਜ ਬਾਅਦ ਦੁਪਹਿਰ ਬੋਲੀ ਨਹੀਂ ਲੱਗ ਸਕੀ। ਦੂਜੇ ਪਾਸੇ, ਖੇਤਾਂ ਵਿੱਚ ਸਿੱਲ੍ਹ ਵਧਣ ਕਾਰਨ ਕੰਬਾਈਨਾਂ ਨਾਲ ਰਹਿੰਦੇ ਪਛੇਤੇ ਝੋਨੇ ਅਤੇ ਬਾਸਮਤੀ ਦੀ ਵਾਢੀ ਠੱਪ ਹੋ ਗਈ ਹੈ। ਇਸ ਤੋਂ ਇਲਾਵਾ ਮੀਂਹ ਨੇ ਨਰਮੇ ਦੀ ਚੁਗਾਈ ਵੀ ਰੋਕ ਦਿੱਤੀ ਹੈ। ਮੌਸਮ ਮਹਿਕਮੇ ਅਨੁਸਾਰ 7 ਨਵੰਬਰ ਤੋਂ ਆਮ ਵਾਂਗ ਦਿਨਾਂ ਦੇ ਲੱਗਣ ਦੀ ਉਮੀਦ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਅਰਥ-ਸ਼ਾਸਤਰੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਹੁਣ ਧੁੱਪ ਲੱਗਣ ਦਾ ਸਮਾਂ ਸੀ ਪਰ ਮੌਸਮ ਦੀ ਖ਼ਰਾਬੀ ਨੇ ਇੱਕ ਵਾਰ ਹਰ ਕਿਸਮ ਦਾ ਕੰਮ ਰੋਕ ਦਿੱਤਾ ਹੈ।

ਬੇਸ਼ੱਕ ਪ੍ਰਸ਼ਾਸਨ ਨੇ ਮੰਡੀਆਂ ’ਚ ਪਏ ਸੋਨੇ ਰੰਗੇ ਝੋਨੇ ਦੀ ਹਰ ਪੱਖੋਂ ਸੰਭਾਲ ਕਰਨ ਦੇ ਦਾਅਵੇ ਕੀਤੇ ਸਨ ਪਰ ਅੱਜ ਮੀਂਹ ਅੱਗੇ ਕਿਸਾਨ ਤੋਂ ਇਲਾਵਾ ਕੋਈ ਨਹੀਂ ਖੜ੍ਹਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਨੂੰ ਭਿੱਜਣ ਤੋਂ ਬਚਾਉਣ ਲਈ ਕੋਈ ਵੀ ਬੰਦੋਬਸਤ ਨਹੀਂ ਕੀਤੇ ਗਏ ਸਨ। ਇਸੇ ਦੌਰਾਨ ਮਾਨਸਾ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਦਿੱਤੀ ਹੋਈ ਚਿਤਾਵਨੀ ਦੇ ਅਨੁਸਾਰ ਪਹਿਲਾਂ ਤੋਂ ਹੀ ਮੰਡੀਆਂ ਵਿੱਚ ਤਰਪਾਲਾਂ ਦੇ ਬੰਦੋਬਸਤ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬਹੁਤਾ ਝੋਨਾ ਅੱਜ ਸੈੱਡਾਂ ਹੇਠ ਰਖਵਾਇਆ।

Advertisement

 

ਬਠਿੰਡਾ ਹਲਕੇ ਦੇ ਕਈ ਪਿੰਡਾਂ ’ਚ ਗੜੇ ਪਏ

ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਖੇਤਰ ਵਿੱਚ ਮੰਗਲਵਾਰ ਦੀ ਦੇਰ ਸ਼ਾਮ ਨੂੰ ਮੀਂਹ ਪਿਆ। ਰਾਮਪੁਰਾ ਖੇਤਰ ਤੋਂ ਇਲਾਵਾ ਤਲਵੰਡੀ ਬਲਾਕ ਦੇ ਪਿੰਡ ਕੌਰਿਆਣਾ ਅਤੇ ਸੰਗਤ ਬਲਾਕ ਦੇ ਪਿੰਡ ਬੀੜ ਬਾਹਮਣ ਵਿੱਚ ਵੀ ਗੜੇ ਪਏ ਹਨ। ਬੇਮੌਸਮੇ ਮੀਂਹ ਕਾਰਨ ਕਣਕ ਦਾ ਹਜ਼ਾਰਾਂ ਏਕੜ ਰਕਬਾ ਕਰੰਡ ਹੋਣ ਦਾ ਖ਼ਦਸ਼ਾ ਹੈ। ਇਸ ਕਾਰਨ ਕਿਸਾਨ ਚਿੰਤਾ ਵਿੱਚ ਹਨ। ਗ਼ੌਰਤਲਬ ਹੈ ਕਿ ਪੰਜਾਬ ਵਿੱਚ ਇਸ ਵੇਲੇ ਨਵੰਬਰ ਮਹੀਨੇ ਦੌਰਾਨ ਕਣਕ ਬਿਜਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਦੇਰ ਸ਼ਾਮ ਨੂੰ ਪਏ ਤੇਜ਼ ਮੀਂਹ, ਹਨੇਰੀ ਅਤੇ ਗੜਿਆਂ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਈ ਥਾਵਾਂ ’ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਕਿਸਾਨ ਆਗੂ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਡੀਜ਼ਲ, ਬੀਜ ਅਤੇ ਖਾਦਾਂ ਦੀਆਂ ਵਧੀਆਂ ਕੀਮਤਾਂ ਕਾਰਨ ਆਰਥਿਕ ਤੰਗੀ ’ਚ ਹਨ ਤੇ ਹੁਣ ਮੀਂਹ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ।

Advertisement
Show comments