ਆਊਟਸੋਰਸਡ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੀ ਚੋਣ
ਆਊਟਸੋਰਸਡ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਚੋਣ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਸਿਹਤ ਵਿਭਾਗ ਦੇ ਆਊਟਸੋਰਸ ਕਾਮਿਆਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਇਜਲਾਸ ਦੌਰਾਨ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਘੱਟ ਤਨਖਾਹਾਂ ’ਤੇ ਕੰਮ ਕਰਨ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਨੀਤੀ ਨਹੀਂ ਬਣਾਈ। ਚੋਣ ਦੀ ਅਗਵਾਈ ਗਗਨਦੀਪ ਸਿੰਘ ਭੁੱਲਰ (ਪੰਜਾਬ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ) ਤੇ ਹੋਰ ਆਗੂਆਂ ਐੱਨ ਡੀ ਤਿਵਾੜੀ, ਗੁਲਜ਼ਾਰ ਖਾਂ, ਸੁਖਵਿੰਦਰ ਸਿੰਘ ਦੋਦਾ ਆਦਿ ਨੇ ਕੀਤੀ। ਫੈਡਰੇਸ਼ਨ ਵੱਲੋਂ ਆਊਟਸੋਰਸਡ ਕਾਮਿਆਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਦਾ ਭਰੋਸਾ ਦਿਵਾਇਆ ਗਿਆ।ਇਸ ਮੌਕੇ ਹੋਈ ਸੂਬਾ ਕਮੇਟੀ ਦੀ ਚੋਣ ਵਿੱਚ ਗੁਰਜਿੰਦਰ ਸਿੰਘ ਔਲਖ ਨੂੰ ਸੂਬਾ ਪ੍ਰਧਾਨ, ਹਰਮਨਦੀਪ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਨਾਜਰ ਸਿੰਘ ਨੂੰ ਵਿੱਤ ਸਕੱਤਰ, ਕੁਲਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਉਪਕਾਰ ਸਿੰਘ, ਯਾਦਵਿੰਦਰ ਸਿੰਘ, ਜਤਿੰਦਰ ਸਿੰਘ, ਜਗਮੀਤ ਸਿੰਘ ਤੇ ਹੋਰ ਕਈ ਆਗੂ ਕਮੇਟੀ ਮੈਂਬਰ ਵਜੋਂ ਚੁਣੇ ਗਏ। ਨਵੀਂ ਕਮੇਟੀ ਨੇ ਐਲਾਨ ਕੀਤਾ ਕਿ 26 ਅਕਤੂਬਰ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਤੈਅ ਕੀਤੀ ਜਾਵੇਗੀ