ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ’ਚ ਕੁਲ ਚਾਰ ਨੌਜਵਾਨ ਪੁੱਜੇ
ਪਿੰਡ ਓਟੂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਕ੍ਰੀਨਿੰਗ ਕੈਂਪ ਲਾਇਆ ਗਿਆ ਜਿਸ ’ਚ ਸਿਰਫ਼ ਚਾਰ ਨੌਜਵਾਨ ਹੀ ਜਾਂਚ ਲਈ ਪਹੁੰਚੇ। ਇਹ ਕੈਂਪ ਪਿੰਡ ਦੇ ਦੋ ਨੌਜਵਾਨਾਂ ਦੀਆਂ ਪਿਛਲੇ ਦਿਨੀ ਨਸ਼ਿਆਂ ਨਾਲ ਹੋਈਆਂ ਮੌਤਾਂ ਤੋਂ ਬਾਅਦ ਲਾਇਆ ਗਿਆ ਹੈ, ਜਿਸ ਦਾ ਉਦੇਸ਼ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਇਲਾਜ ਕਰਨਾ ਅਤੇ ਸਲਾਹ ਦੇਣਾ ਸੀ। ਮੈਡੀਕਲ ਅਫਸਰ ਡਾਕਟਰ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਿਰਸਾ ਦੇ ਡਿਪਟੀ ਕਮਿਸ਼ਨਰ, ਐੱਸ ਪੀ ਅਤੇ ਮੁੱਖ ਮੈਡੀਕਲ ਅਫਸਰ ਦੇ ਨਿਰਦੇਸ਼ਾਂ ’ਤੇ ਓਟੂ ਪਿੰਡ ਵਿੱਚ ਲਾਇਆ ਗਿਆ ਹੈ। ਮੈਡੀਕਲ ਟੀਮ ਮੈਂਬਰ ਨੇ ਕਿਹਾ ਕਿ ਵਿਆਪਕ ਪ੍ਰਚਾਰ ਦੇ ਬਾਵਜੂਦ ਕੈਂਪ ਵਿੱਚ ਪੀੜਤਾਂ ਦੀ ਹਾਜ਼ਰੀ ਬਹੁਤ ਘੱਟ ਰਹੀ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ, ਕਾਨੂੰਨੀ ਕਾਰਵਾਈ ਦਾ ਡਰ ਅਤੇ ਮਾਪਿਆਂ ਅੱਗੇ ਆਉਣ ਵਿੱਚ ਝਿਜਕ ਕਾਰਨ ਨੌਜਵਾਨ ਕੈਂਪ ਵਿੱਚ ਸ਼ਾਮਲ ਨਹੀਂ ਹੋਏ। ਡਾਕਟਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ 12-13 ਸਾਲ ਦੇ ਬੱਚੇ ਵੀ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ। ਨਸ਼ੇ ਦੀ ਆਦਤ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਨੌਜਵਾਨਾਂ ਦੇ ਕੈਰੀਅਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਸਮਾਜ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ਪਰ ਅਫਸੋਸ ਜਾਗਰੂਕਤਾ ਕੈਂਪਾਂ ਵਿੱਚ ਨਸ਼ਿਆਂ ਦੇ ਆਦੀ ਨੌਜਵਾਨ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ।
