ਕਾਰ ਨਹਿਰ ’ਚ ਡਿੱਗਣ ਕਾਰਨ ਇੱਕ ਹਲਾਕ
ਇੱਥੇ ਸਰਹਿੰਦ ਨਹਿਰ ਵਿੱਚ ਬੀਤੀ ਰਾਤ ਇੱਕ ਕਾਰ ਡਿੱਗ ਗਈ ਹੈ। ਹਾਦਸੇ ਵਿੱਚ ਕਾਰ ਸਵਾਰ ਤਿੰਨ ਜਣਿਆਂ ਵਿੱਚੋਂ ਇੱਕ ਦੀ ਡੁੱਬਣ ਕਾਰਨ ਮੌਤ ਹੋ ਗਈ ਜਦੋਂਕਿ ਦੋ ਹੋਰਾਂ ਨੂੰ ਗੋਤਾਖੋਰਾਂ ਦੀ ਟੀਮ ਤੇ ਪੁਲੀਸ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮ੍ਰਿਤਕ ਦੀ ਪਛਾਣ ਆਰਿਫ਼ ਅੰਸਾਰੀ (40) ਵਾਸੀ ਬਠਿੰਡਾ ਵਜੋਂ ਹੋਈ ਹੈ ਜਦੋਂਕਿ ਉਸ ਨਾਲ ਕਾਰ ਵਿੱਚ ਮੌਜੂਦ ਮੁਹੰਮਦ ਅੰਸਾਰੀ ਤੇ ਮੁਖਤਾਰ ਅੰਸਾਰੀ ਨੂੰ ਬਚਾ ਲਿਆ ਗਿਆ ਹੈ। ਇਹ ਤਿੰਨੇ ਹੀ ਯੂਪੀ ਦੇ ਮੂਲ ਵਾਸੀ ਦੱਸੇ ਜਾ ਰਹੇ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਨ੍ਹਾਂ ਨੇ ਕੱਲ੍ਹ ਕਾਰ ਖ਼ਰੀਦੀ ਸੀ। ਕੰਮ ਤੋਂ ਵਾਪਸੀ ’ਤੇ ਆਰਿਫ਼ ਕਾਰ ਚਲਾ ਰਿਹਾ ਸੀ। ਸਰਹਿੰਦ ਕੈਨਾਲ ਦੇ ਨਾਲ ਬਣੀ ਤੰਗ ਸੜਕ ’ਤੇ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਸਿੱਧੀ ਨਹਿਰ ਵਿੱਚ ਜਾ ਡਿੱਗੀ।
ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ
ਅਬੋਹਰ (ਪੱਤਰ ਪ੍ਰੇਰਕ): ਅਬੋਹਰ ਦੇ ਧਰਮਪੁਰਾ ਪਿੰਡ ਤੋਂ ਥੋੜ੍ਹੀ ਦੂਰੀ ’ਤੇ ਢਾਣੀ ਮੰਡਲਾ ਨੇੜੇ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਏ। ਇਸ ਹਾਦਸੇ ਕਾਰਨ ਟਰੈਕਟਰ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਜੇ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦੀ ਖੇਤੀ ਦੇ ਕੰਮ ਵਿੱਚ ਮਦਦ ਕਰਦਾ ਸੀ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹੈਪੀ ਪੁੱਤਰ ਲੇਖ ਰਾਮ ਨਿਰਾਨੀਆਂ ਵਾਸੀ ਸ਼ੇਰਗੜ੍ਹ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 22 ਸਾਲ ਸੀ। ਹੈਪੀ ਜਦੋਂ ਕੱਲ੍ਹ ਆਪਣੇ ਟਰੈਕਟਰ-ਟਰਾਲੀ ’ਚ ਕਿੰਨੂ ਲੈ ਕੇ ਅਬੋਹਰ ਬਾਜ਼ਾਰ ਵਿੱਚ ਵੇਚਣ ਲਈ ਆਇਆ ਸੀ। ਇੱਥੇ ਕਿੰਨੂ ਵੇਚਣ ਤੋਂ ਬਾਅਦ ਉਹ ਰਾਤ ਸਮੇਂ ਟਰੈਕਟਰ-ਟਰਾਲੀ ਲੈ ਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਉਹ ਜਿਵੇਂ ਹੀ ਢਾਣੀ ਮੰਡਲਾ ਨੇੜੇ ਪਹੁੰਚਿਆ ਤਾਂ ਉਸ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਟਰੈਕਟਰ ਕੰਡਿਆਲੀ ਤਾਰ ਤੋੜ ਕੇ ਸੜਕ ਤੋਂ ਹੇਠਾਂ ਖੇਤਾਂ ਵਿੱਚ ਪਲਟ ਗਿਆ ਅਤੇ ਹੈਪੀ ਦੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉੱਥੋਂ ਲੰਘ ਰਹੇ ਰਾਹਗੀਰਾਂ ਨੇ ਨੌਜਵਾਨ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ।
