ਟੀਬੀ ਮੁਕਤ ਬਰਨਾਲਾ ਤਹਿਤ 35 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ
ਲੋਕ ਹਿਤ ਤਹਿਤ ਬਰਨਾਲਾ ਦੀ ਸਭ ਤੋਂ ਪੁਰਾਣੀ ਸਮਾਜਸੇਵੀ ਸੰਸਥਾ ਭਗਤ ਮੋਹਨ ਸੇਵਾ ਸਮਿਤੀ ਅਤੇ ਰਾਮ ਰਾਗ ਕਮੇਟੀ ਵੱਲੋਂ ਟੀਬੀ ਮੁਕਤ ਭਾਰਤ ਅਤੇ ਟੀਬੀ ਮੁਕਤ ਬਰਨਾਲਾ ਲਈ ਚਲਾਏ ਜਾ ਰਹੀ ਸਿਹਤ ਵਿਭਾਗ ਦੇ ਨਿਕਸ਼ੈ ਮਿੱਤਰ ਉਪਰਾਲੇ ਤਹਿਤ ਡਿਪਟੀ ਕਮਿਸ਼ਨਰ ਟੀ. ਬੈਨਿਥ ਦੀ ਮੌਜੂਦਗੀ ਵਿੱਚ 35 ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਵੰਡੀਆਂ ਗਈਆਂ। ਡੀਸੀ ਨੇ ਕਿਹਾ ਕਿ ਟੀਬੀ ਮਰੀਜ਼ਾਂ ਦੀ ਚੰਗੀ ਸਿਹਤ ਲਈ ਸਰਕਾਰ ਵੱਲੋਂ ਪੋਸ਼ਣ ਕਿੱਟਾਂ ਦੇਣ ਦੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਰਾਮ ਬਾਗ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਸੰਸਥਾਵਾਂ ਅਤੇ ਵਿਅਕਤੀ ਵੀ ਇਸ ਨੇਕ ਉਪਰਾਲੇ ਲਈ ਅੱਗੇ ਆਉਣ। ਰਾਮ ਬਾਗ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਨੇ ਦੱਸਿਆ ਕਿ ਚੇਅਰਮੈਨ ਲਾਜਪਤ ਰਾਏ ਚੋਪੜਾ ਅਤੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਬਦੌਲਤ ਇਹ ਕਮੇਟੀ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਇਨ੍ਹਾਂ ਮਰੀਜ਼ਾਂ ਨੂੰ ਪੋਸ਼ਣ ਕਿੱਟਾਂ ਕਮੇਟੀ ਵੱਲੋਂ ਹਰ ਮਹੀਨੇ ਸਿਹਤ ਵਿਭਾਗ ਨਾਲ ਤਾਲਮੇਲ ਕਰ ਕੇ ਵੰਡੀਆਂ ਜਾਣਗੀਆਂ। ਟੀਬੀ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਮੋਨਿਕਾ ਬਾਂਸਲ ਨੇ ਦੱਸਿਆ ਕਿ ਟੀਬੀ ਦੀ ਬਿਮਾਰੀ ਦੇ ਕਾਰਨ ਮਰੀਜ਼ ’ਚ ਬਿਮਾਰੀ ਵਿਰੁੱਧ ਲੜਨ ਦੀ ਸਮਰੱਥਾ ਘਟ ਜਾਂਦੀ ਹੈ, ਇਸ ਲਈ ਉਸ ਨੂੰ ਦਵਾਈ ਦੇ ਨਾਲ-ਨਾਲ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਕਿੱਟ ਕਰੀਬ 1000 ਰੁਪਏ ਦੀ ਲਾਗਤ ਆਉਂਦੀ ਹੈ ਤੇ ਕਰੀਬ 6 ਮਹੀਨਿਆਂ ਤਕ ਇਲਾਜ ਦੌਰਾਨ ਇਹ ਕਿੱਟ ਹਰ ਮਹੀਨੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਿਕਸ਼ੈ ਮਿੱਤਰ ਯੋਜਨਾ ਤਹਿਤ ਇਨ੍ਹਾਂ ਕਿੱਟਾਂ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਮੌਕੇ ਸੀਤਾ ਰਾਮ ਨਾਜ਼ਰ ਡੀਸੀ ਦਫ਼ਤਰ ਵੱਲੋਂ ਇੱਕ ਮਰੀਜ਼ ਦੀਆਂ ਪੋਸ਼ਣ ਕਿੱਟਾਂ ਦਾ ਜ਼ਿੰਮਾ ਚੁੱਕਿਆ ਗਿਆ।