ਸ਼ਹਿਣਾ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ
ਕਸਬਾ ਸ਼ਹਿਣਾ ਵਿੱਚ ਡੇਂਗੂ ਤੇ ਬੁਖਾਰ ਤੋਂ ਪੀੜਿਤਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪ੍ਰਾਈਵੇਟ ਦੁਕਾਨਾਂ ’ਤੇ ਜ਼ਿਆਦਾਤਰ ਮਰੀਜ਼ ਬੁਖਾਰ ਤੋਂ ਪੀੜਤ ਆ ਰਹੇ ਹਨ। ਮਰੀਜ਼ਾਂ ਦੇ ਸੈੱਲ ਘਟ ਰਹੇ ਹਨ। ਜ਼ਿਆਦਾਤਰ ਲੋਕ ਆਪਣੇ-ਆਪ ਹੀ ਇਲਾਜ ਕਰੀ ਜਾ ਰਹੇ ਹਨ ਅਤੇ ਦੇਸੀ ਦਵਾਈਆਂ ’ਤੇ ਨਿਰਭਰ ਹਨ। ਕਾਫ਼ੀ ਲੋਕ ਕੀਵੀ ਫਲ ਅਤੇ ਨਾਰੀਅਲ ਪਾਣੀ ਪੀਣ ਨੂੰ ਤਰਜ਼ੀਹ ਦੇ ਰਹੇ ਹਨ। ਸਰਕਾਰ ਨੇ ਆਪਣੇ ਤੌਰ ’ਤੇ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਡੇਂਗੂ ਪੀੜਤਾਂ ਲਈ ਉਚੇਚੇ ਤੌਰ ’ਤੇ ਕੋਈ ਵੀ ਕੈਂਪ ਨਹੀਂ ਲਗਾਇਆ ਹੈ। ਨਾ ਹੀ ਪੈਂਫਲੇਟ ਵੰਡੇ ਗਏ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰ ਸਿਰਫ਼ ਉਹੀ ਡੇਂਗੂ ਕੇਸ ਮੰਨਦੀ ਹੈ ਜੋ ਸਰਕਾਰੀ ਹਸਪਤਾਲਾਂ ਵਿੱਚ ਜਾਂਦੇ ਹਨ, ਪ੍ਰਾਈਵੇਟਾਂ ਨੂੰ ਸਹੀ ਅੰਕੜੇ ਨਹੀਂ ਮੰਨਦੀ। ਇਸ ਸਬੰਧੀ ਸਿਹਤ ਸੁਪਰਵਾਈਜ਼ਰ ਜਗਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਸਬਾ ਸ਼ਹਿਣਾ ਦੇ ਸਰਕਾਰੀ ਸਕੂਲ ਵਿੱਚ ਫੌਗਿੰਗ ਕਰਵਾਈ ਗਈ ਹੈ। ਜਲਦੀ ਹੀ ਮੇਨ ਬਾਜ਼ਾਰ ਤੇ ਮੁਹੱਲਿਆਂ ਵਿੱਚ ਵੀ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਜਾਗ੍ਰਿਤ ਕਰਦਿਆਂ ਕਿਹਾ ਕਿ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ ਅਤੇ ਘਰਾਂ ਵਿੱਚ ਕਿਤੇ ਵੀ ਇੱਕ ਹਫ਼ਤੇ ਤੋਂ ਵੱਧ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਮੱਛਰ ਦਾ ਲਾਰਵਾ ਕਿਸੇ ਵੀ ਕੀਮਤ ਵਿੱਚ ਪੈਦਾ ਨਾ ਹੋਣ ਦਿੱਤਾ ਜਾਵੇ।
