ਨਰੇਗਾ ਮਜ਼ਦੂਰਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਧਰਨਾ
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇੱਥੇ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਮਜ਼ਦੂਰਾਂ ਨੇ ਮਗਨਰੇਗਾ ਤਹਿਤ ਕੰਮ ਦੀ ਮੰਗ ਕੀਤੀ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਕਿਹਾ ਕਿ ਬੰਦ ਪਏ ਸਫ਼ਾਈ ਕੰਮ ਸ਼ੁਰੂ ਕੀਤੇ ਜਾਣ। ਚੰਨੀ ਸਰਕਾਰ ਦੀ ਤਰਜ਼ ’ਤੇ ਲਾਭਪਾਤਰੀਆਂ ਤੇ ਮਨਰੇਗਾ ਮਜ਼ਦੂਰਾਂ ਦੇ ਖਾਤਿਆਂ ਵਿੱਚ ਘੱਟੋ ਘੱਟ 5000 ਤੱਕ ਪਾਏ ਜਾਣ। ਕੰਮ ਨਾ ਦਿੱਤੇ ਜਾਣ ਤੱਕ ਬੇਰੁਜ਼ਗਾਰੀ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ ਆਦਿ। ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਦੀਆਂ ਅੱਖਾਂ ਦੀ ਸਕੈਨਿੰਗ ਦੇ ਨਵੇਂ ਹੁਕਮਾਂ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਹਜ਼ਾਰ ਰੁਪਏ ਤੇ ਸਾਲ ਵਿੱਚ ਪਰਿਵਾਰ ਦੇ 2 ਜੀਆਂ ਨੂੰ 200-200 ਦਿਨ ਕੰਮ ਦਿੱਤਾ ਜਾਵੇ। ਆਗੂਆਂ ਨੇ ਡੀਸੀ ਨੂੰ ਅਪੀਲ ਕੀਤੀ ਕਿ ਕੁੱਝ ਸਫ਼ਾਈ ਕੰਮਾਂ ਦੇ ਉਨ੍ਹਾਂ ਦੇ ਦਫ਼ਤਰ ਪੁੱਜੇ ਅਸਟੀਮੇਟਾਂ ਨੂੰ ਬਿਨਾਂ ਦੇਰੀ ਪਾਸ ਕਰਕੇ ਮਜ਼ਦੂਰਾਂ ਨੂੰ ਫੌਰੀ ਕੰਮ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸੁਖਦੇਵ ਸਿੰਘ, ਰੂਪ ਸਿੰਘ, ਪੰਚ ਪਰਮਜੀਤ ਕੌਰ ਸ਼ਹਿਣਾ, ਕੌਰ ਸਿੰਘ ਆਦਿ ਹਾਜ਼ਰ ਸਨ।