ਖਾਦ-ਪੈਸਟੀਸਾਈਡ ਦੇ ਤਿੰਨ ਡੀਲਰਾਂ ਨੂੰ ਨੋਟਿਸ
ਇਥੇ ਖਾਦ ਤੇ ਪੈਸਟੀਸਾਈਡ ਡੀਲਰਾਂ ਵੱਲੋਂ ਬਾਹਰਲੇ ਜ਼ਿਲ੍ਹਿਆਂ ਤੋਂ ਉਤਪਾਦ ਮੰਗਵਾ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਕਾਰਵਾਈ ਦੌਰਾਨ ਪੰਨੀਵਾਲਾ ਫੱਤਾ ਅਤੇ ਆਲਮਵਾਲਾ ਵਿੱਚ ਤਿੰਨ ਡੀਲਰਾਂ, ਜਿਮੀਦਾਰਾ ਪੈਸਟੀਸਾਈਡਜ਼, ਔਲਖ ਟ੍ਰੇਡਿੰਗ ਕੰਪਨੀ ਅਤੇ ਸਤਿਗੁਰ ਸਿਮਰਨ ਸਟੋਰ ਨੂੰ ਖਾਦ ਕੰਟਰੋਲ ਹੁਕਮ 1985 ਅਤੇ ਕੀਟਨਾਸ਼ਕ ਐਕਟ 1968 ਤਹਿਤ ਦੋ-ਦੋ ਨੋਟਿਸ ਜਾਰੀ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੰਨੀਵਾਲਾ ਫੱਤਾ ਅਤੇ ਆਲਮਵਾਲਾ ਵਿੱਚ ਕੀਤੀ ਗਈ ਇਸ ਪੜਤਾਲ ਦੌਰਾਨ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜਾਂ ਦੇ ਸਟਾਕ ਰਿਕਾਰਡ ਵਿੱਚ ਖਾਮੀਆਂ ਮਿਲੀਆਂ, ਸਟਾਕ ਬੋਰਡ ਅਤੇ ਲਾਇਸੈਂਸ ਸਰਟੀਫਿਕੇਟ ਦੁਕਾਨਾਂ ਵਿੱਚ ਨਸ਼ਰ ਨਹੀਂ ਸਨ। ਇਸ ਤੋਂ ਇਲਾਵਾ ਕਈ ਸੈਂਪਲ ਵੀ ਭਰੇ ਗਏ। ਡਾ. ਗਿੱਲ ਨੇ ਕਿਹਾ ਕਿ ਬਾਹਰੀ ਜ਼ਿਲ੍ਹਿਆਂ ਤੋਂ ਖਾਦਾਂ ਅਤੇ ਪੈਸਟੀਸਾਈਡ ਲਿਆ ਕੇ ਵੇਚਣਾ ਗੈਰ ਕਾਨੂੰਨੀ ਹੈ ਅਤੇ ਨਿਯਮ ਉਲੰਘਣ ਵਾਲਿਆਂ ਖ਼ਿਲਾਫ਼ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਦੁਕਾਨਾਂ ’ਤੇ ਕੀਟਨਾਸ਼ਕ ਦਵਾਈਆਂ, ਖਾਦਾਂ ਤੇ ਬੀਜਾਂ ਦੇ ਸੈਂਪਲ ਵੀ ਭਰੇ ਗਏ ਹਨ। ਡਾ. ਗਿੱਲ ਨੇ ਕਿਹਾ ਕਿ ਤਿੰਨੋਂ ਦੁਕਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਛੇਤੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।