ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਮੁਕੰਮਲ

ਆਖ਼ਰੀ ਦਿਨ ਮਾਨਸਾ ’ਚ 58 ਅਤੇ ਮੁਕਤਸਰ ਵਿੱਚ 65 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ
ਮਾਨਸਾ ਵਿੱਚ ਵਿਧਾਇਕ ਬੁੱਧਰਾਮ ਪਾਰਟੀ ਉਮੀਦਵਾਰ ਦਾ ਕਾਗਜ਼ ਦਾਖ਼ਲ ਕਰਵਾਉਂਦੇ ਹੋਏ।
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦੇ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਵੱਖ-ਵੱਖ ਪਾਰਟੀਆਂ ਦੇ ਵੱਡੀ ਗਿਣਤੀ ਆਗੂਆਂ ਵੱਲੋਂ ਕਾਗਜ਼ ਦਾਖ਼ਲ ਕੀਤੇ ਗਏ। ਮਾਨਸਾ ਜ਼ਿਲ੍ਹੇ ’ਚ ਜ਼ਿਲ੍ਹਾ ਪਰਿਸ਼ਦ ਲਈ ਅੱਜ 58 ਨਾਮਜ਼ਦਗੀਆਂ ਹੋਈਆਂ ਜਿਨ੍ਹਾਂ ਦੀ ਗਿਣਤੀ ਹੁਣ ਤੱਕ 65 ਹੋ ਗਈ ਹੈ। ਇਸੇ ਤਰ੍ਹਾਂ ਪੰਚਾਇਤ ਸਮਿਤੀ ਵਿੱਚ ਮਾਨਸਾ, ਬੁਢਲਾਡਾ, ਝੁਨੀਰ ਅਤ ਸਰਦੂਲਗੜ੍ਹ ਵਿੱਚ ਅੱਜ 307 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ ਕੁੱਲ ਗਿਣਤੀ 349 ਹੋ ਗਈ ਹੈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਜ਼ਿਲ੍ਹੇ ਦੀ ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ਲਈ ਕੁੱਲ 68 ਨਾਮਜ਼ਦਗੀਆਂ ਹੋਈਆਂ ਹਨ। ਅੱਜ ਆਖ਼ਰੀ ਦਿਨ 65 ਨਾਮਜ਼ਦਗੀਆਂ ਦਾਖ਼ਲ ਹੋਈਆਂ ਜਦੋਂ ਕਿ ਇਕ ਦਿਨ ਪਹਿਲਾਂ ਤੱਕ ਸਿਰਫ 3 ਨਾਮਜ਼ਦਗੀਆਂ ਹੀ ਹੋਈਆਂ ਸਨ। ਇਨ੍ਹਾਂ ਚੋਣਾਂ ਲਈ 629 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ 1258 ਬੈਲੇਟ ਬਕਸੇ ਵਰਤੇ ਜਾਣਗੇ ਅਤੇ ਵੋਟਾਂ ਦਾ ਕੰਮ ਨੇਪਰੇ ਚਾੜ੍ਹਣ ਲਈ 3145 ਦੇ ਕਰੀਬ ਕਰਮਚਾਰੀ ਚੋਣ ਡਿਊਟੀ ’ਤੇ ਲਾਏ ਗਏ ਹਨ।

Advertisement

ਤਲਵੰਡੀ ਸਾਬੋ (ਪੱਤਰ ਪ੍ਰੇਰਕ): ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਬਲਾਕ ਤਲਵੰਡੀ ਸਾਬੋ ਦੇ ਕੁੱਲ 25 ਸਮਿਤੀ ਜ਼ੋਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਚਾਹਵਾਨ ਉਮੀਦਵਾਰਾਂ ਸਮੇਤ 100 ਦੇ ਕਰੀਬ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਉਪ ਮੰਡਲ ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਸ੍ਰੀ ਪੰਕਜ ਕੁਮਾਰ ਕੋਲ ਦਾਖ਼ਲ ਕੀਤੇ। ਦਾਖ਼ਲ ਨਾਮਜ਼ਦਗੀ ਕਾਗਜ਼ਾਂ ਦੀ 5 ਦਸੰਬਰ ਨੂੰ ਪੜਤਾਲ ਹੋਵੇਗੀ ਅਤੇ 6 ਦਸੰਬਰ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਣਗੇ।

ਲੰਬੀ (ਪੱਤਰ ਪ੍ਰੇਰਕ): ਪੰਚਾਇਤ ਸਮਿਤੀ ਲੰਬੀ ਦੇ 25 ਜ਼ੋਨਾਂ ਲਈ ਕੁੱਲ 113 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ, ਜੋ ਔਸਤ ਕਰੀਬ 4.5 ਫ਼ੀਸਦ ਬਣਦੇ ਹਨ। ਚੋਣਾਂ ਵਿੱਚ ਹਲਕੇ ’ਚ ਤਿੰਨ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਸੱਤਾ ਧਾਰੀ ਧਿਰ ‘ਆਪ’ ਸਰਗਰਮ ਹਨ ਜਦਕਿ ਬਸਪਾ ਵੱਲੋਂ ਵੀ ਕੁਝ ਜ਼ੋਨਾਂ ’ਚ ਉਮੀਦਵਾਰ ਖੜ੍ਹੇ ਹੋਣ ਦੀ ਸੂਚਨਾ ਹੈ।

ਤਲਵੰਡੀ ਭਾਈ (ਨਿੱਜੀ ਪੱਤਰ ਪ੍ਰੇਰਕ): ਬਲਾਕ ਘੱਲ ਖ਼ੁਰਦ ਪੰਚਾਇਤ ਸਮਿਤੀ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਅੱਜ ਇੱਥੇ ਤਹਿਸੀਲ ਦਫ਼ਤਰ ਵਿਖੇ ਸ਼ਾਂਤੀਪੂਰਵਕ ਸਮਾਪਤ ਹੋ ਗਿਆ। ਰਿਟਰਨਿੰਗ ਅਫ਼ਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਆਖ਼ਰੀ ਦਿਨ 120 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।

ਮੋਗਾ ਵਿੱਚ ਸ਼ਾਂਤੀ ਨਾਲ ਸਿਰੇ ਚੜ੍ਹੀ ਪ੍ਰਕਿਰਿਆ

ਐੱਸ ਐੱਸ ਪੀ ਅਜੈ ਗਾਂਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਅੰਤਿਮ ਦਿਨ ਮੋਗਾ ਜ਼ਿਲ੍ਹੇ ’ਚ ਕੁਝ ਘਟਨਾਵਾਂ ਨੂੰ ਛੱਡ ਕੇ ਸ਼ਾਂਤੀ ਪੂਰਵਕ ਢੰਗ ਨਾਲ ਸਿਰੇ ਚੜ੍ਹ ਗਈ। ਤਰਨ ਤਾਰਨ ਜ਼ਿਮਨੀ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਤੋਂ ਖੌਫ਼ਜ਼ਦਾ ਅਧਿਕਾਰੀ ਕੋਈ ਜੋਖਮ ਨਹੀਂ ਚੁੱਕਣਾ ਚਾਹੁੰਦੇ ਸਨ। ਐੱਸ ਐੱਸ ਪੀ ਅਜੈ ਗਾਂਧੀ ਨੇ ਜ਼ਿਲ੍ਹੇ ਵਿਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਉਣ ਲਈ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐੱਸ ਪੀ ਸੰਦੀਪ ਸਿੰਘ ਮੰਡ ਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ, ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਰਾਬਰ ਦਾ ਮਾਹੌਲ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣਾਂ ਦੌਰਾਨ ਡਰਾਉਣ-ਧਮਕਾਉਣ ਅਤੇ ਭਰਮਾਉਣ ਦੀਆਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖਣ ਲਈ ਹਦਾਇਤਾਂ ਦਿੱਤੀਆਂ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਅਮਨ ਸ਼ਾਂਤੀ ਤੇ ਨਿਰਪੱਖਤਾ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ। ਚੋਣ ਅਮਲ ’ਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਚੋਣ ਅਮਲੇ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗ ਆਪਣੀ ਵੋਟ ਦੇ ਅਧਿਕਾਰ ਦੀ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਵਰਤੋਂ ਕਰ ਸਕਣ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਹੋਈਆਂ ਪੰਚਾਇਤ ਚੋਣਾਂ ਵਿੱਚ, ਪੰਜਾਬ ’ਚ ਕਰੀਬ 90 ਫੀਸਦੀ ਪੰਚਾਇਤਾਂ ’ਤੇ ਸੱਤਾਧਾਰੀ ਧਿਰ ‘ਆਪ’ ਕਾਬਜ਼ ਹੋ ਗਈ ਸੀ। ਅਫ਼ਸਰਸ਼ਾਹੀ ਉੱਤੇ ਹਾਕਮ ਧਿਰ ਦੇ ਵਰਕਰ ਬਣ ਕੇ ਕੰਮ ਕਰਨ ਦੇ ਦੋਸ਼ ਲੱਗੇ ਸਨ। ਵਿਰੋਧੀ ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰ ਖੋਹ ਲਏ ਗਏ ਸਨ ਅਤੇ ਨਾਮਜ਼ਦਗੀਆਂ ਹੀ ਦਾਖਲ ਨਹੀਂ ਕਰਨ ਦਿੱਤੀਆਂ ਗਈਆਂ ਸਨ।

ਕਾਂਗਰਸ ਤੇ ਅਕਾਲੀ ਦਲ ਨੂੰ ਉਮੀਦਵਾਰ ਨਾ ਮਿਲਿਆ

ਨਾਮਜ਼ਦਗੀ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡੀ ਸੀ ਤੇ ਐੱਸ ਐੱਸ ਪੀ ਬਰਨਾਲਾ।

ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਮਹਿਲ ਕਲਾਂ ਬਲਾਕ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੀਆਂ ਨਾਮਜ਼ਦੀਆਂ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਮਹਿਲ ਕਲਾਂ ਦੇ ਤਹਿਸੀਲ ਦਫ਼ਤਰ ਵਿਖੇ ਬਲਾਕ ਸਮਿਤੀ ਦੇ 25 ਜ਼ੋਨਾਂ ਲਈ ਆਖ਼ਰੀ ਦਿਨ ਤੱਕ ਕੁੱਲ 84 ਨਾਮਜ਼ਦੀਆਂ ਦਾਖ਼ਲ ਹੋਈਆਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਵਲੋਂ 30 ਨਾਮਜ਼ਗੀਆਂ ਦਾਖ਼ਲ ਕੀਤੀਆਂ ਗਈਆਂ, ਜਦਕਿ 22 ਕਾਂਗਰਸ ਵਲੋਂ, 16 ਸ਼੍ਰੋਮਣੀ ਅਕਾਲੀ ਦਲ ਬਾਦਲ, 4 ਭਾਜਪਾ, 2 ਬੀ ਐੱਸ ਪੀ ਅਤੇ 10 ਆਜ਼ਾਦ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਮਹਿਲ ਕਲਾਂ ਖਾਸ ਸਮਿਤੀ ਜ਼ੋਨ ’ਚ ਕੇਵਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ ਅਤੇ ਅਕਾਲੀ ਦਲ ਤੇ ਕਾਂਗਰਸ ਨੂੰ ਇੱਥੇ ਉਮੀਦਵਾਰ ਹੀ ਨਹੀਂ ਮਿਲਿਆ ਜਿਸ ਕਰਕੇ ‘ਆਪ’ ਇਸ ਜੋਨ ਤੋਂ ਬਿਨਾਂ ਮੁਕਾਬਲਾ ਜੇਤੂ ਰਹੇਗੀ। ਬਲਾਕ ਦੇ ਇੱਕੋ-ਇੱਕ ਜੋਨ ਗਹਿਲ ਤੋਂ ਸੱਤਾਧਿਰ ‘ਆਪ’ ਨੇ ਉਮੀਦਵਾਰ ਖੜ੍ਹਾ ਨਹੀਂ ਕੀਤਾ, ਜਿੱਥੇ ਅਕਾਲੀ ਉਮੀਦਵਾਰ ਨਾਲ ਆਪ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਨਾਲ ਪਿੰਡ ਪੱਧਰ ’ਤੇ ਸਹਿਮਤੀ ਬਣ ਸਕੀ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਛੇ ਜੋਨਾਂ ਭੋਤਨਾ, ਛੀਨੀਵਾਲ ਕਲਾਂ, ਮਨਾਲ, ਮਹਿਲਕਲਾਂ, ਮਹਿਲ ਖੁਰਦ, ਮੂੰਮ ’ਚ ਉਮੀਦਵਾਰ ਨਹੀਂ ਖੜ੍ਹਾ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਤੋਂ ਵੀ ਪਤਲੀ ਹੈ, ਜਿਸ ਨੇ 10 ਜ਼ੋਨਾਂ ਬੀਹਲਾ, ਛੀਨੀਵਾਲ ਕਲਾਂ, ਧਨੇਰ, ਮਹਿਲ ਕਲਾਂ, ਠੁੱਲ੍ਹੀਵਾਲ, ਠੀਕਰੀਵਾਲ, ਪੱਖੋਕੇ, ਚੀਮਾ, ਨਾਈਵਾਲਾ ਤੇ ਚੂੰਘਾਂ ਤੋਂ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ। ਇਸੇ ਤਰ੍ਹਾਂ ਬਲਾਕ ਅਧੀਨ ਪੈਂਦੇ 4 ਜ਼ਿਲ੍ਹਾ ਪਰਿਸ਼ਦ ਜੋਨਾਂ ਤੋਂ ਆਪ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿੱਚ ਮੁਕਾਬਲਾ ਰਹੇਗਾ। ਇੱਥੇ ਡੀ ਸੀ ਬਰਨਾਲਾ ਟੀ ਬੈਨਿਥ ਅਤੇ ਐੱਸ ਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਵੱਲੋਂ ਸੁਰੱਖਿਆ ਅਤੇ ਨਾਮਜ਼ਦਗੀ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ।

 

Advertisement
Show comments