ਨਵੇਂ ਬੱਸ ਅੱਡੇ ਦਾ ਰੇੜਕਾ: ਹਕੂਮਤ ਨਾਲ ਆਰ-ਪਾਰ ਦੀ ਲੜਾਈ ਲੜੇਗੀ ਸੰਘਰਸ਼ ਕਮੇਟੀ
ਸ਼ਗਨ ਕਟਾਰੀਆ
ਬਠਿੰਡਾ, 13 ਜੂਨ
ਬਠਿੰਡਾ ਦੇ ਨਵੇਂ ਬੱਸ ਅੱਡੇ ਦੇ ਨਿਰਮਾਣ ਦੀ ਤਾਜ਼ਾ ਕੰਨ-ਵਲੇਲ ਸੁਣ ਕੇ ਸੁਸਤਾ ਰਹੇ ਅੱਡੇ ਦੇ ਮੁਖ਼ਾਲਿਫ਼ਾਂ ਨੇ ਮੁੜ ਅੰਗੜਾਈ ਭਰੀ ਹੈ। ਇਸ ਖੇਮੇ ਨੇ ਥੋੜ੍ਹੇ ਦਿਨਾਂ ਦੇ ਅਵੇਸਲੇਪਣ ਨੂੰ ਛੱਡ ਕੇ ਅੱਜ ਮੁੜ ਸਿਰ ਜੋੜਿਆ ਅਤੇ ਸੰਗਰਾਮ ਨੂੰ ਪ੍ਰਚੰਡ ਰੂਪ ਦੇਣ ਦਾ ਅਹਿਦ ਕੀਤਾ। ਨਵੇਂ ਪੈਂਤੜੇ ਮੁਤਾਬਿਕ ਸਰਕਾਰ ਨੂੰ ਹਰ ਫਰੰਟ ’ਤੇ ਘੇਰਨ ਦੀ ਵਿਉਂਤਬੰਦੀ ਉਲੀਕੀ ਗਈ।
ਮਲੋਟ ਰੋਡ ’ਤੇ ਨਵਾਂ ਬੱਸ ਅੱਡਾ ਉਸਾਰਨ ਲਈ ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਵੱਲੋਂ ਬਠਿੰਡਾ ਦੇ ਬੰਦ ਹੋਏ ਥਰਮਲ ਦੀ 30 ਏਕੜ ਜ਼ਮੀਨ ਦਿੱਤੇ ਜਾਣ ਦੀ ਖ਼ਬਰ ਬਾਹਰ ਆਉਣ ਮਗਰੋਂ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਵਿੱਚ ਹਿਲਜੁਲ ਵਧੀ ਹੈ। ਕਮੇਟੀ ਨੇ ਅੱਜ ਸ਼ਾਮ ਨੂੰ ਇੱਥੇ ਹੰਗਾਮੀ ਮੀਟਿੰਗ ਸੱਦ ਕੇ ਤਾਜ਼ਾ ਹਾਲਾਤ ਦੀ ਸਮੀਖ਼ਿਆ ਕੀਤੀ। ਕਮੇਟੀ ’ਚ ਸ਼ਾਮਲ ਨੁਮਾਇੰਦਿਆਂ ਨੇ ਅੱਡੇ ਦੀ ਉਸਾਰੀ ਲਈ ਸਰਕਾਰ ਦੇ ਵਧਦੇ ਕਦਮਾਂ ਦੀ ਆਹਟ ਨੂੰ ਖ਼ਤਰੇ ਦਾ ਘੁੱਗੂ ਦੱਸਿਆ। ਗੁੱਸੇ ਨਾਲ ਭਰੇ-ਪੀਤੇ ਕਈ ਸ਼ਖ਼ਸਾਂ ਸੱਜਰੀ ਕਾਰਵਾਈ ਨੂੰ ‘ਦਗ਼ਾ’ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਇੱਕ ਪਾਸੇ ਪ੍ਰਸ਼ਾਸਨ ਅੱਡੇ ਬਾਰੇ ਫੈਸਲਾ ਲੈਣ ਲਈ ਸਮੀਖ਼ਿਆ ਕਮੇਟੀ ਬਣਾ ਕੇ ਲੋਕਾਂ ਦੀ ਰਾਇ ਜਾਣ ਰਿਹਾ ਹੈ, ਦੂਜੇ ਪਾਸੇ ਲੁਕਵੇਂ ਰੂਪ ਵਿੱਚ ਪਿੱਠ ’ਤੇ ‘ਵਾਰ’ ਕੀਤਾ ਜਾ ਰਿਹਾ ਹੈ।
ਇਸ ਕਵਾਇਦ ਦੀ ਮੁਖ਼ਾਲਫ਼ਿਤ ਲਈ ਬੈਠਕ ਵਿੱਚ ਤੱਟ-ਫੱਟਾ ਫੈਸਲਾ ਸਰਕਾਰ ਨੂੰ ਘੇਰਨ ਦਾ ਹੋਇਆ। ਜ਼ਿਆਦਾਤਰ ਦਾ ਮੱਤ ਸੀ ਕਿ ਜ਼ਿਮਨੀ ਚੋਣ ਤਪਦੇ ਲੋਹੇ ’ਤੇ ਸੱਟ ਮਾਰਨ ਲਈ ਵਧੀਆ ਮੌਕਾ ਹੈ। ਫੈਸਲੇ ਮੁਤਾਬਿਕ 16 ਜੂਨ ਨੂੰ ਲੁਧਿਆਣੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਜਾਵੇ। ਉਥੇ ਹੀ ਚੋਣ ਪ੍ਰਚਾਰ ਕਰ ਰਹੇ ਹਾਕਮ ਧਿਰ ਦੇ ਵੱਡੇ ਆਗੂਆਂ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇ। ਲੁਧਿਆਣੇ ਜਾਣ ਲਈ ਸਾਲਮ ਬੱਸਾਂ ਦਾ ਬੰਦੋਬਸਤ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਇੱਕ-ਇੱਕ ਦਿਨ ‘ਬਠਿੰਡਾ ਬੰਦ’ ਰੱਖਣ ਅਤੇ ਪੁਤਲੇ ਫੂਕਣ ਦਾ ਫੈਸਲਾ ਵੀ ਹੋਇਆ। ਇਨ੍ਹਾਂ ਵਿਖਾਵਿਆਂ ਲਈ ਤਰੀਕਾਂ ਬਾਅਦ ’ਚ ਐਲਾਨਣ ਬਾਰੇ ਸਹਿਮਤੀ ਬਣੀ। ਇਸ ਮੌਕੇ ਮੀਟਿੰਗ ’ਚ ਕਮੇਟੀ ਦੇ ਕਨਵੀਨਰ ਬਲਤੇਜ ਵਾਂਦਰ, ਗੁਰਪ੍ਰੀਤ ਆਰਟਿਸਟ, ਸੰਦੀਪ ਬੌਬੀ, ਜੀਵਨ ਗੋਇਲ, ਸੰਦੀਪ ਅਗਰਵਾਲ, ਵਿਨੋਦ ਕੁਮਾਰ, ਸਾਜਨ ਸ਼ਰਮਾ, ਪਿ੍ਰੰ. ਬੱਗਾ ਸਿੰਘ, ਕਵਲਜੀਤ ਨੰਬਰਦਾਰ, ਡਾ. ਅਜੀਤਪਾਲ ਸਿੰਘ, ਯਸ਼ ਕਪੂਰ, ਸੁਰਿੰਦਰ ਚੌਧਰੀ, ਦੇਵੀ ਦਿਆਲ, ਰਵਿੰਦਰ ਗੁਪਤਾ, ਮਹਿੰਦਰ ਸਿੰਘ ਸਮੇਤ ਕਈ ਹੋਰ ਪ੍ਰਤੀਨਿਧ ਸ਼ਾਮਲ ਸਨ।