ਲਾਪ੍ਰਵਾਹੀ: ਹੜ੍ਹ ਦੇ ਬਾਵਜੂਦ ਨਾ ਹੋਈ ਡਰੇਨਾਂ ਦੀ ਸਫ਼ਾਈ
ਸੂਬੇ ਵਿੱਚ ਜਿੱਥੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹੜ੍ਹ ਦੀ ਮਾਰ ਚੱਲ ਰਹੀ ਹੈ, ਉਥੇ ਮਹਿਲ ਕਲਾਂ ਹਲਕੇ ਵਿੱਚ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਵੱਡੀ ਲਾਪ੍ਰਵਾਹੀ ਵੀ ਜਾਰੀ ਹੈ। ਹੜ੍ਹ ਦੇ ਹਾਲਾਤ ਦੇ ਬਾਵਜੂਦ ਮਹਿਲ ਕਲਾਂ ਹਲਕੇ ਵਿੱਚ ਡਰੇਨ ਸਫ਼ਾਈ ਤੋਂ ਵਾਂਝੀ ਹੈ ਅਤੇ ਡਰੇਨ ਹਰੀ ਬੂਟੀ ਤੇ ਟੁੱਟੇ ਦਰੱਖਤਾਂ ਨਾਲ ਨੱਕੋ ਨੱਕ ਭਰੀ ਹੋਈ ਹੈ। ਇਸੇ ਦੇ ਰੋਸ ਵਜੋਂ ਅੱਜ ਪਿੰਡ ਚੀਮਾ ਵਿਖੇ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਸਰਕਾਰ, ਪ੍ਰਸ਼ਾਸਨ ਅਤੇ ਡਰੇਨ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਚੀਮਾ ਅਤੇ ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਇਹ ਡਰੇਨ ਮਹਿਲ ਕਲਾਂ ਵਾਲੀ ਸਾਈਡ ਤੋਂ ਪਿੰਡ ਰਾਏਸਰ, ਕੈਰੇ, ਚੀਮਾ ਤੋਂ ਹੁੰਦੇ ਹੋਏ ਅੱਗੇ ਹਲਕਾ ਭਦੌੜ ਵਿੱਚ ਦਾਖ਼ਲ ਹੁੰਦੀ ਹੈ। ਭਾਰੀ ਮੀਂਹਾਂ ਦੇ ਬਾਵਜੂਦ ਡਰੇਨ ਵਿਭਾਗ ਨੇ ਇਸਦੀ ਸਫ਼ਾਈ ਨਹੀਂ ਕਰਵਾਈ। ਉਹਨਾਂ ਕਰੀਬ ਇੱਕ ਮਹੀਨਾ ਪਹਿਲਾਂ ਡਰੇਨ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਦੀ ਸਫ਼ਾਈ ਲਈ ਜਾਣੂੰ ਕਰਵਾਇਆ ਸੀ, ਪਰ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਦਾ ਹੁਣ ਫ਼ੋਨ ਤੱਕ ਨਹੀਂ ਚੁੱਕ ਰਹੇ ਜਿਸ ਕਰਕੇ ਹੁਣ ਦੁਬਾਰਾ ਮੀਂਹ ਪੈਣ ਕਾਰਨ ਡਰੇਨ ਦੇ ਓਵਰਫ਼ਲੋਅ ਹੋ ਕੇ ਇਸ ਦਾ ਪਾਣੀ ਖੇਤਾਂ ਵਿੱਚ ਪੈਣ ਕਰਕੇ ਨੁਕਸਾਨ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੇ ਸਭ ਦਾਅਵੇ ਖੋਖਲੇ ਹਨ। ਕੋਈ ਵੀ ਅਧਿਕਾਰੀ ਜਾਂ ਹਲਕਾ ਵਿਧਾਇਕ ਸਾਰ ਨਹੀਂ ਲੈ ਰਿਹਾ। ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਡਰੇਨ ਦੇ ਪਾਣੀ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਸੜਕਾਂ ਜਾਮ ਕਰਕੇ ਧਰਨੇ ਲਗਾਉਣਗੇ। ਡੀਸੀ ਬਰਨਾਲਾ ਟੀ.ਬੈਨਿਥ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਡਰੇਨ ਦੀ ਤੁਰੰਤ ਸਫ਼ਾਈ ਲਈ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ ਅਤੇ ਇਸਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।