ਨੀਰੂ ਬਾਜਵਾ ਵੱਲੋਂ ਸਰਹੱਦੀ ਪਿੰਡਾਂ ਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਭਰਨ ਦਾ ਐਲਾਨ
ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਲੋਕ ਵੱਧ ਚੜ੍ਹ ਕੇ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ, ਉਥੇ ਕਲਾਕਾਰ ਤੇ ਅਦਾਕਾਰ ਭਾਈਚਾਰਾ ਵੀ ਇਸ ਵਾਰ ਇਸ ਦਿਲ ਖੋਲ੍ਹ ਕੇ ਮਦਦ ਲਈ ਹੜ੍ਹ ਵਧਾ ਰਿਹਾ ਹੈ।
ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਕਲਾਕਾਰਾਂ, ਅਦਾਕਾਰਾਂ ਐੱਨਆਰਆਈ ਅਤੇ ਸਮਾਜ ਸੇਵੀਆਂ ਵੱਲੋਂ ਬਣਾਈ ਗਈ ਹੰਭਲਾ ਫਾਉਂਡੇਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬੀ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਪ੍ਰੋਡਿਊਸਰ ਅਤੇ ਅਦਾਕਾਰ ਨੀਰੂ ਬਾਜਵਾ ਟੀਮ ਅਤੇ ਸੰਤੋਸ਼ ਸੁਭਾਸ਼ ਥਿੱਟੇ ਪੁੱਜੇ।
ਗਾਇਕਾ ਜਸਵਿੰਦਰ ਬਰਾੜ ਨੇ ਭਾਵੁਕ ਹੁੰਦਿਆਂ ਇਨ੍ਹਾਂ ਉੱਜੜ ਚੁੱਕੇ ਲੋਕਾਂ ਦੀ ਬਾਂਹ ਫੜ੍ਹਨ ਦਾ ਵਾਅਦਾ ਕੀਤਾ। ਉਥੇ ਮੁੰਬਈ ਤੋਂ ਪੁੱਜੇ ਸੰਤੋਸ਼ ਥਿੱਟੇ ਨੇ ਨੀਰੂ ਬਾਜਵਾ ਵੱਲੋਂ ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕੇ (ਹੁਸੈਨੀਵਾਲਾ ਦੇ ਨੇੜਲੇ ਪਿੰਡਾਂ) ਦੇ ਬੱਚਿਆਂ ਦੀਆਂ ਸਕੂਲ ਬੋਰਡ ਪ੍ਰੀਖਿਆਵਾਂ ਦੀ ਫੀਸ ਭਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਹਲਾਤ ਵੇਖ ਕੇ ਲੱਗਦਾ ਹੈ ਕਿ ਇਹ ਲੋਕ ਬਹੁਤ ਸਾਲ ਪਿੱਛੇ ਚਲੇ ਗਏ ਹਨ। ਹੰਭਲਾ ਫਾਉਂਡੇਸ਼ਨ ਉਨ੍ਹਾਂ ਨੂੰ ਜੋ ਵੀ ਸੇਵਾ ਲਗਾਏਗੀ ਉਹ ਕਰਨਗੇ। ਉਨ੍ਹਾਂ ਨੇ ਹੰਭਲਾ ਫਾਉਂਡੇਸ਼ਨ ਵੱਲੋਂ ਇਨ੍ਹਾਂ 15 ਪਿੰਡਾਂ ਵਿੱਚ ਸਰਵੇ ਕਰਕੇ ਜ਼ਮੀਨਾਂ ਨੂੰ ਵਾਹੁਣਯੋਗ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ ਅਤੇ ਜਗਦੀਪ ਵੜਿੰਗ ਨੇ ਗਾਇਕਾ ਜਸਵਿੰਦਰ ਬਰਾੜ ਅਤੇ ਸੰਤੋਸ਼ ਥਿੱਟੇ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇੰਡਸਟਰੀ ਦੇ ਸਭਨਾਂ ਕਲਾਕਾਰਾਂ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਰੇਸ਼ਮ ਸਿੰਘ ਵਿਲਾਸਰਾ, ਸੋਨਾ ਸਿੰਘ, ਭੁਪਿੰਦਰ ਸਿੰਘ ਅਤੇ ਬੱਬੂ ਆਦਿ ਹਾਜ਼ਰ ਸਨ।