ਪੰਥਕ ਰਵਾਇਤਾਂ ਲਈ ਇਤਿਹਾਸ ਤੋਂ ਸਬਕ ਲੈਣ ਦਾ ਸੱਦਾ
ਪੰਥਕ ਰਵਾਇਤਾਂ ਦੀ ਸਲਾਮਤੀ ਲਈ ਹਰ ਸਿੱਖ ਨੂੰ ਆਪਣੇ ਪੁਰਾਤਨ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਇਹ ਗੱਲਾਂ ਪ੍ਰਗਟਾਵਾ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਗੁਰਦੁਆਰਾ ਗੁੰਗਸਰ ਸਾਹਿਬ ਕੋਠਾ ਗੁਰੂ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਜੇ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਕਿਸੇ ਪੱਖਪਾਤ ਦੇ ਫ਼ੈਸਲੇ ਆਉਣਗੇ ਤਾਂ ਹੀ ਕੌਮ ਵਿੱਚ ਕਲਾ ਵਰਤੇਗੀ। ਪੰਥ ਅਤੇ ਗ੍ਰੰਥ ਦਾ ਸੰਕਲਪ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਉਪਰੰਤ ਹੀ ਸਾਰੇ ਪੰਥਕ ਸੰਕਟ ਹੱਲ ਹੋਣਗੇ। ਇਸ ਮੌਕੇ ਪ੍ਰਬੰਧਕਾਂ ਨੇ ਭਾਈ ਰਣਜੀਤ ਸਿੰਘ ਦਾ ਸਨਮਾਨ ਕੀਤਾ। ਗਿਆਨੀ ਕੌਰ ਸਿੰਘ ਕੋਠਾ ਗੁਰੂ ਨੇ ਭਾਈ ਰਣਜੀਤ ਸਿੰਘ ਨੂੰ ਆਪਣੀ ਪੁਸਤਕ 'ਜੀਵਨ ਕਥਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ' ਭੇਂਟ ਕੀਤੀ। ਇਸ ਮੌਕੇ ਹਲਕਾ ਭਗਤਾ ਤੋਂ ਪੰਥਕ ਅਕਾਲੀ ਲਹਿਰ ਵੱਲੋਂ ਦੇ ਉਮੀਦਵਾਰ ਭਾਈ ਪ੍ਰਗਟ ਸਿੰਘ ਭੋਡੀਪੁਰਾ, ਬਾਬਾ ਸੁਖਵਿੰਦਰ ਸਿੰਘ, ਗ੍ਰੰਥੀ ਜਗਸੀਰ ਸਿੰਘ, ਸਰਪੰਚ ਪਾਲ ਸਿੰਘ ਢਿੱਲੋਂ, ਐਡਵੋਕੇਟ ਜਸਵਿੰਦਰ ਸਿੰਘ, ਦਰਸ਼ਨ ਸਿੰਘ ਬੱਜੋਆਣਾ, ਗਿਆਨੀ ਕੌਰ ਸਿੰਘ, ਢਾਡੀ ਬਲਵਿੰਦਰ ਸਿੰਘ, ਰਣਜੀਤ ਸਿੰਘ ਕੋਠਾ ਗੁਰੂ, ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ, ਹਰਚੰਦ ਸਿੰਘ ਜੱਸੜ, ਲਾਭ ਸਿੰਘ ਖਹਿਰਾ ਤੇ ਕੇਵਲ ਸਿੰਘ ਹਾਜ਼ਰ ਸਨ।