ਕੈਨੇਡੀਅਨ ਨੇਵੀ ਵਿੱਚ ਲੈਫਟੀਨੈਂਟ ਬਣਿਆ ਨਵਜੋਤ ਸਿੰਘ
ਬਰਨਾਲਾ ਦੇ ਜੰਮਪਲ ਨੌਜਵਾਨ ਨਵਜੋਤ ਸਿੰਘ ਚਹਿਲ ਨੇ ਕੈਨੇਡੀਅਨ ਨੇਵੀ ’ਚ ਲੈਫਟੀਨੈਂਟ ਬਣ ਕੇ ਸ਼ਹਿਰ ਦਾ ਮਾਣ ਵਧਾਇਆ ਹੈ। ਕੈਨੇਡਾ ’ਚ ਲੈਫਟੀਨੈਂਟ ਬਣੇ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸੇਵਾਮੁਕਤ ਐੱਸ ਡੀ ਓ ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਉਸ ਦਾ ਬੇਟਾ ਸ਼ੁਰੂ ਤੋਂ ਹੀ ਮਿਹਨਤੀ ਸੀ ਅਤੇ ਕੋਈ ਉੱਚਾ ਮੁਕਾਮ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਬਰਨਾਲਾ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਤੋਂ ਬਾਰ੍ਹਵੀਂ ਕਰਕੇ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਮੈਕਾਟਰੋਨਿਕਸ ਸ਼ਿਸਟਮ ਇੰਜਨੀਅਰਿੰਗ ਦੀ ਡਿਗਰੀ ਕੀਤੀ। ਉਹ ਸਾਫਟਵੇਅਰ ਇੰਜਨੀਅਰ ਦੀ ਨੌਕਰੀ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਰੌਇਲ ਕੈਨੇਡੀਅਨ ਨੇਵੀ ਵਿੱਚ ਸ਼ਿਸਟਮਜ਼ ਇੰਜਨੀਅਰਿੰਗ ਅਫ਼ਸਰ ਭਰਤੀ ਹੋ ਕੇ ਲੈਫਟੀਨੈਂਟ ਦਾ ਦਰਜਾ ਪ੍ਰਾਪਤ ਕੀਤਾ ਹੈ। ਲੈਫਟੀਨੈਂਟ ਬਣੇ ਨਵਜੋਤ ਸਿੰਘ ਚਹਿਲ ਨੇ ਪਾਸਿੰਗ ਪਰੇਡ ਦੀ ਰਸਮ ਦੌਰਾਨ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕਰਨ ’ਤੇ ਆਪਣੇ ਪਿਤਾ ਬਲਦੇਵ ਸਿੰਘ ਚਹਿਲ, ਮਾਤਾ ਹਰਪਾਲ ਕੌਰ ਚਹਿਲ, ਜੀਜਾ ਨਵਜੋਤ ਸਿੰਘ ਭੰਗੂ ਅਤੇ ਭੈਣ ਮਨਦੀਪ ਕੌਰ ਤੋਂ ਆਸ਼ੀਰਬਾਦ ਪ੍ਰਾਪਤ ਕੀਤਾ। ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਦੀ ਨੇਵੀ ’ਚ ਲੈਫਟੀਨੈਂਟ ਭਰਤੀ ਹੋਣ ’ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਅਤੇ ਬਰਨਾਲਾ ਕਲੱਬ ਦੇ ਸਕੱਤਰ ਇਸ਼ਿਵੰਦਰ ਸਿੰਘ ਜੰਡੂ ਤੋਂ ਇਲਾਵਾ ਸ਼ਹਿਰੀਆਂ ਨੇ ਖੁਸ਼ੀ ਜ਼ਾਹਿਰ ਕੀਤੀ।
