ਨੈਸ਼ਨਲ ਯੂਥ ਐਵਾਰਡੀ ਰਘਬੀਰ ਸਿੰਘ ਮਾਨ ਦਾ ਸਨਮਾਨ
ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਜੁਲਾਈ
ਯੁਵਕ ਸੇਵਾਵਾਂ ਵਿਭਾਗ ਬਠਿੰਡਾ ਤੋਂ ਸੇਵਾਮੁਕਤ ਹੋਏ ਸਹਾਇਕ ਡਾਇਰੈਕਟਰ ਅਤੇ ਕਬੱਡੀ ਦੇ ਨਾਮਵਰ ਖਿਡਾਰੀ ਰਘਬੀਰ ਸਿੰਘ ਮਾਨ ਦਾ ਪਿੰਡ ਤੁੰਗਵਾਲੀ ਵਿੱਚ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਬਰਾੜ, ਪੰਜਾਬ ਪ੍ਰਦੇਸ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਰਾਮ ਸਿੰਘ ਮਾਹਲ, ਭੁਪਿੰਦਰ ਸਿੱਧੂ, ਤਰਸੇਮ ਸਿੰਘ, ਬਲਵਿੰਦਰ ਮਾਨ, ਵਕੀਲ ਸਿੰਘ ਅਤੇ ਗੁਰਸੇਵਕ ਦੰਦੀਵਾਲ ਨੇ ਸਨਮਾਨਿਤ ਕੀਤਾ। ਜੋਗਿੰਦਰ ਸਿੰਘ ਬਰਾੜ ਅਤੇ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਰਘਬੀਰ ਸਿੰਘ ਮਾਨ ਨੇ ਪੰਜਾਬੀ ਯੂਨੀਵਰਸਿਟੀ ਤੋਂ ਕੌਮੀ ਸੇਵਾ ਯੋਜਨਾ ਵਿੱਚ ਸੋਨ ਤਗ਼ਮਾ, ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਅਤੇ ਭਾਰਤ ਸਰਕਾਰ ਤੋਂ ਨੈਸ਼ਨਲ ਯੂਥ ਐਵਾਰਡ ਹਾਸਲ ਕੀਤੇ। ਉਹ 9 ਸਾਲ ਸੰਤ ਹਜ਼ਾਰਾ ਸਿੰਘ ਕਲੱਬ ਦੇ ਪ੍ਰਧਾਨ ਰਹੇ ਅਤੇ 15 ਸਾਲ ਕਬੱਡੀ ਖੇਡ ਕੇ ਵਧੀਆ ਰੇਡਰ ਵਜੋਂ ਨਾਮਣਾ ਖੱਟਿਆ। ਤੇਰਾਂ ਸਾਲ ਐੱਸਐੱਸ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਰਘਬੀਰ ਮਾਨ ਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਰਘਬੀਰ ਮਾਨ ਨੂੰ ਵਧਾਈ ਦਿੱਤੀ।