ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੌਮੀ ਸਮਾਗਮ
ਇਥੋਂ ਦੇ ਸਰਕਾਰੀ ਨੈਸ਼ਨਲ ਕਾਲਜ ’ਚ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਸਮਾਗਮ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਅਹਿਦ ਨਾਲ ਸੰਪੰਨ ਹੋ ਗਿਆ। ਸਮਾਗਮ ਵਿੱਚ ਹਰਿਆਣਾ ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਦਿੱਲੀ, ਰਾਜਸਥਾਨ ਆਦਿ ਤੋਂ ਚਾਰ ਸੌ ਤੋਂ ਜਿਆਦਾ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।
ਇਹ ਸਮਾਗਮ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪੰਜਾਬੀ ਲੇਖਕ ਸਭਾ, ਸਿਰਸਾ ਅਤੇ ਪੰਜਾਬੀ ਵਿਭਾਗ, ਸਰਕਾਰੀ ਨੈਸ਼ਨਲ ਕਾਲਜ, ਸਿਰਸਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਵਿਸ਼ਾ ‘ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਸ਼ਬਦ ਅਤੇ ਸ਼ਹੀਦੀ’ ਸੀ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਭੈਅ-ਮੁਕਤ ਮਨੁੱਖ ਦਾ ਸੰਕਲਪ, ਜੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸਮੇਂ ਦੇ ਦਮਨਕਾਰੀ ਸ਼ਾਸਨਾਂ ਨੂੰ ਸਿੱਧੇ ਤੌਰ ’ਤੇ ਚੁਣੌਤੀ ਦੇ ਕੇ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਸੀ, ਮੌਜੂਦਾ ਵਿਸ਼ਵਵਿਆਪੀ ਮਾਹੌਲ ਵਿੱਚ ਹੋਰ ਵੀ ਪ੍ਰਸੰਗਿਕ ਹੈ। ਸੈਮੀਨਾਰ ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਛੇ ਸੈਸ਼ਨ ਕਰਵਾਏ ਗਏ ਸਨ। ਉਦਘਾਟਨੀ ਸੈਸ਼ਨ ਤੋਂ ਬਾਅਦ ਹੋਏ ਤਿੰਨ ਸੈਸ਼ਨਾਂ ਵਿੱਚ ਡਾ. ਸੰਦੀਪ ਸਿੰਘ ਮੁੰਡੇ, ਡਾ. ਗੁਰਪ੍ਰੀਤ ਕੌਰ, ਡਾ. ਹਰਮੀਤ ਕੌਰ, ਡਾ. ਚਰਨਦੀਪ ਸਿੰਘ, ਡਾ. ਬੀਰਬਲ ਸਿੰਘ ਅਤੇ ਅਮਨਦੀਪ ਕੌਰ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ, ਉਨ੍ਹਾਂ ਦੀਆਂ ਯਾਤਰਾਵਾਂ, ਉਨ੍ਹਾਂ ਦੇ ਵਿਚਾਰਾਂ ਅਤੇ ਵਿਚਾਰਧਾਰਾ ਅਤੇ ਉਨ੍ਹਾਂ ਦੇ ਸਮਕਾਲੀ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀਆਂ ਜੀਵਨੀਆਂ ਦੇ ਵੱਖ-ਵੱਖ ਪਹਿਲੂਆਂ ਦੀ ਵਿਆਖਿਆ ਕੀਤੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਾਰਜ ਨੂੰ ਵਿਲੱਖਣ ਤੇ ਮਿਸਾਲੀ ਦੱਸਿਆ। ਚੁਣੇ ਹੋਏ ਖੋਜ ਪੱਤਰਾਂ ਦੇ ਆਧਾਰ ’ਤੇ ਸੈਸ਼ਨ ਲਈ ਚਾਲੀ ਖੋਜਕਰਤਾਵਾਂ ਨੇ ਰਜਿਸਟਰ ਕਰਵਾਇਆ, ਇਨ੍ਹਾਂ ਵਿੱਚੋਂ ਪ੍ਰੋ. ਸਵਰਨਦੀਪ ਸਿੰਘ, ਪ੍ਰੋ. ਹਰਵਿੰਦਰ ਕੌਰ, ਹਰਵਿੰਦਰ ਸਿੰਘ ਅਤੇ ਪ੍ਰੋ. ਅਵਤਾਰ ਸਿੰਘ ਨੇ ਸਬੰਧਤ ਵਿਸ਼ਿਆਂ ’ਤੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸੁਰਜੀਤ ਜੱਜ, ਨਵਤੇਜ, ਡਾ. ਬਲਵਿੰਦਰ ਸਿੰਘ ਮੁਹਾਲੀ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਡਾ. ਨਿਰਮਲ ਸਿੰਘ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਲਖਵਿੰਦਰ ਸਿੰਘ ਬਾਜਵਾ, ਭੁਪਿੰਦਰ ਸਿੰਘ ਪੰਨੀਵਾਲੀਆ, ਹਰਜੀਤ ਸਿੰਘ, ਡਾ. ਅਸਪਾਲ, ਸੁਭਾਸ਼ ਸੋਲੰਕੀ, ਪੂਰਨ ਸਿੰਘ ਨਿਰਾਲਾ, ਪਰਵੀਨ ਸ਼ਰਮਾ, ਜਸਵੀਰ ਸਿੰਘ ਮੌਜੀ, ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ, ਡਾ. ਰਿਪੁਦਮਨ ਸ਼ਰਮਾ, ਛਿੰਦਰ ਕੌਰ ਸਿਰਸਾ, ਮੁਖਤਿਆਰ ਸਿੰਘ ਚੱਠਾ, ਹਰਜੀਤ ਸਿੰਘ ਦੇਸੂਮਲਕਾਣਾ, ਸ਼ਾਮ ਲਾਲ ਸ਼ਾਸਤਰੀ, ਪੁਰਸ਼ੋਤਮ ਸ਼ਾਸਤਰੀ ਅਤੇ ਕੁਲਵਿੰਦਰ ਸਿੰਘ ਆਦਿ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ।