ਨਥਾਣਾ: ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਹੋਣ ਦੀ ਆਸ
ਕਸਬਾ ਨਥਾਣਾ ਦੇ ਛੱਪੜਾਂ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਦੀ ਉਮੀਦ ਬੱਝੀ ਹੈ। ਸਾਲਾਂਬੱਧੀ ਚੱਲੇ ਸੰਘਰਸ਼ ਨੂੰ ਬੂਰ ਪਿਆ ਹੈ। ਸੂਬਾ ਸਰਕਾਰ ਨੇ ਲਗਪਗ ਤੀਹ ਕਰੋੜ ਦੀ ਰਾਸ਼ੀ ਵਾਲੇ ਇਸ ਪ੍ਰਾਜੈਕਟ ਉੱਪਰ ਸਰਗਰਮੀ ਨਾਲ ਕੰਮ ਵਿੱਢਿਆ ਹੈ ਜੋ ਅਗਲੇ ਸਾਲ ਤੱਕ ਮੁਕੰਮਲ ਹੋਣ ਦੀ ਆਸ ਹੈ। ਜਾਣਕਾਰੀ ਅਨੁਸਾਰ ਨਗਰ ਦੇ ਅੱਧੀ ਦਰਜਨ ਛੱਪੜਾਂ ਦਾ ਪਾਣੀ ਇੱਕ ਥਾਂ ਇਕੱਠਾ ਕਰਕੇ ਉਸ ਨੂੰ ਵਾਟਰ ਟਰੀਟਮੈਟ ਪਲਾਂਟ ਰਾਹੀਂ ਸੋਧਣ ਉਪਰੰਤ ਦਿਆਲਪੁਰਾ ਡਰੇਨ ’ਚ ਪਾਇਆ ਜਾਣਾ ਹੈ। ਨਥਾਣਾ ਤੋਂ ਬਾਰਾਂ ਕਿਲੋਮੀਟਰ ਦੂਰ ਦਿਆਲਪੁਰਾ ਮਿਰਜ਼ਾ ਤੱਕ ਜ਼ਮੀਨਦੋਜ਼ ਪਾਈਪਾਂ ਵਿਛਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਪਾਈਪਾਂ ਇੱਕ ਨਾਮੀ ਕੰਪਨੀ ਦੀਆਂ ਕਾਫ਼ੀ ਮਜ਼ਬੂਤ ਅਤੇ ਮੋਟੀਆਂ ਹਨ। ਪਾਈਪਾਂ ਵਿਛਾਉਣ ਦੇ ਮਾਮਲੇ ’ਚ ਆਏ ਵੱਡੇ ਅੜਿੱਕੇ ਪ੍ਰਸ਼ਾਸਨ ਨੇ ਆਪਣੀ ਸੂਝ-ਬੂਝ ਨਾਲ ਦੂਰ ਕੀਤੇ ਹਨ।
ਨਥਾਣਾ ਦੇ ਆਵੇ ਵਾਲੇ ਛੱਪੜ ’ਚ ਵਾਟਰ ਟਰੀਟਮੈਟ ਪਲਾਂਟ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹੈ। ਛੱਪੜ ਦੇ ਕਾਫ਼ੀ ਹਿੱਸੇ ਨੂੰ ਮਿੱਟੀ ਨਾਲ ਭਰ ਕੇ ਡਿੱਗੀਆਂ ਦੀ ਉਸਾਰੀ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਨਗਰ ਦੇ ਹੋਰਨਾਂ ਛੱਪੜਾਂ ਦਾ ਪਾਣੀ ਵੀ ਵੱਖਰੀਆਂ ਪਾਈਪਾਂ ਵਿਛਾ ਕੇ ਇਸੇ ਥਾਂ ਇਕੱਠਾ ਕੀਤਾ ਜਾਵੇਗਾ ਜਿਸ ਨੂੰ ਸੋਧਣ ਉਪਰੰਤ ਡਰੇਨ ’ਚ ਪਾਉਣ ਸਮੇਤ ਖੇਤਾਂ ਲਈ ਵੀ ਵਰਤਿਆ ਜਾਵੇਗਾ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਪਾਣੀ ਫ਼ਸਲਾਂ ਵਾਸਤੇ ਵਰਤਣ ਨਾਲ ਚੰਗੇ ਨਤੀਜੇ ਸਾਹਮਣੇ ਆਏ ਤਾਂ ਵੱਡੀ ਗਿਣਤੀ ਖੇਤੀ ਰਕਬੇ ’ਚ ਇਸ ਸੋਧੇ ਹੋਏ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਦੇ ਆਰਜ਼ੀ ਪ੍ਰਬੰਧ ਕੀਤੇ ਹੋਏ ਹਨ ਜਿਸ ਨਾਲ ਗਲੀਆਂ ’ਚ ਗੰਦਾ ਪਾਣੀ ਭਰਨ ਤੋਂ ਨਿਜਾਤ ਮਿਲੀ ਹੋਈ ਹੈ।