ਜੋਗਾ ਨਗਰ ਪੰਚਾਇਤ ਦੇ ਦਫ਼ਤਰ ਨੂੰ ਤਾਲਾ ਲਾਇਆ
ਨਗਰ ਪੰਚਾਇਤ ਦਫ਼ਤਰ ਜੋਗਾ ਦੇ ਅਫ਼ਸਰਾਂ ਅਤੇ ਪੰਚਾਇਤ ਵਿਚਾਲੇ ਵਿਕਾਸ ਕੰਮਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਭਖ ਗਿਆ ਹੈ। ਟੈਂਡਰ ਲੱਗਣ ਤੋਂ ਕਈ ਮਹੀਨੇ ਬਾਅਦ ਵੀ ਨਗਰ ਪੰਚਾਇਤ ਦਫ਼ਤਰ ਵੱਲੋਂ ਵਿਕਾਸ ਕਾਰਜ ਨਾ ਕਰਵਾਉਣ ਅਤੇ ਕਾਰਜ ਸਾਧਕ ਅਫ਼ਸਰ ਵੱਲੋਂ ਟਾਲਮਟੋਲ ਕਰਨ ਦੇ ਰੋਸ ਵਜੋਂ ਸਮੁੱਚੀ ਨਗਰ ਪੰਚਾਇਤ ਨੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ।
ਨਗਰ ਪੰਚਾਇਤ ਦਾ ਕਹਿਣਾ ਹੈ ਕਿ ਜਿੰਨੀ ਦੇਰ ਵਿਕਾਸ ਕੰਮ ਸ਼ੁਰੂ ਨਹੀਂ ਕੀਤੇ ਜਾਂਦੇ ਹਨ ਉਦੋਂ ਤੱਕ ਦਫ਼ਤਰ ਨੂੰ ਲਾਇਆ ਤਾਲਾ ਨਹੀਂ ਖੋਲ੍ਹਿਆ ਜਾਵੇਗਾ। ਅੱਜ ਨਗਰ ਪੰਚਾਇਤ ਦਾ ਕੋਈ ਅਫ਼ਸਰ ਅਤੇ ਕਰਮਚਾਰੀ ਦਫ਼ਤਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।
ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਨੇ ਕਿਹਾ ਕਿ ਕਰੀਬ ਇੱਕ ਸਾਲ ਤੋਂ ਵਿਕਾਸ ਕੰਮਾਂ ਦਾ ਟੈਂਡਰ ਲੱਗ ਹੋਏ ਪਰ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ। ਇਹ ਮਾਮਲਾ ਵਾਰ-ਵਾਰ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਪੰਚਾਇਤ ਕੋਲ ਜਿਹੜੇ ਵਿਕਾਸ ਫ਼ੰਡ ਅਤੇ ਗ੍ਰਾਂਟ ਹੈ, ਉਸ ਨੂੰ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪੰਚਾਇਤ ਨੇ ਵਿਕਾਸ ਨਾ ਹੋਣ ਦੇ ਵਿਰੁੱਧ ਮੁਜ਼ਾਹਰਾ ਕੀਤਾ ਸੀ। ਉਦੋਂ ਅਧਿਕਾਰੀਆਂ ਨੇ ਕੁਝ ਹੀ ਦਿਨਾਂ ਵਿੱਚ ਕੰਮ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਕੰਮ ਨਹੀਂ ਕਰਵਾਏ ਗਏ। ਇਸ ਮੌਕੇ ਨਗਰ ਪੰਚਾਇਤ ਮੀਤ ਪ੍ਰਧਾਨ ਰਾਜਵੰਤ ਕੌਰ, ਕੌਂਸਲਰ ਗੁਰਮੇਲ ਕੌਰ, ਰਾਜਦੀਪ ਕੌਰ, ਕੌਂਸਲਰ ਨਰਿੰਦਰਪਾਲ ਸਿੰਘ ਸੁੱਖਾ, ਮੰਦਰ ਸਿੰਘ, ਗੁਰਚਰਨ ਸਿੰਘ, ਗੁਰਜੰਟ ਸਿੰਘ ਮਾਟਾ, ਜਥੇਦਾਰ ਮਲਕੀਤ ਸਿੰਘ, ਬਿੱਕਰ ਸਿੰਘ, ਭਜਨ ਸਿੰਘ ਤੇ ਹਾਜ਼ਰ ਸਨ।
ਡੱਬੀ:: ਕੰਮ ਛੇਤੀ ਕਰਵਾਏ ਜਾਣਗੇ: ਅਫ਼ਸਰ
ਨਗਰ ਪੰਚਾਇਤ ਜੋਗਾ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਫ਼ੰਡਾਂ ਅਨੁਸਾਰ ਸਮੇਂ-ਸਮੇਂ ’ਤੇ ਕੰਮ ਕਰਵਾਏ ਜਾ ਰਹੇ ਹਨ ਅਤੇ ਰਹਿੰਦੇ ਕੰਮ ਵੀ ਛੇਤੀ ਹੀ ਮੁਕੰਮਲ ਕਰ ਦਿੱਤੇ ਜਾਣਗੇ।
