ਨਗਰ ਕੀਰਤਨ ਦਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਜ਼ਿਲ੍ਹੇ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਫਿਰੋਜ਼ਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਜਾ ਰਿਹਾ ਨਗਰ ਕੀਰਤਨ ਇਥੇ ਨਿਰਧਾਰਤ ਸਮੇਂ ਤੋਂ ਕਰੀਬ 10 ਘੰਟੇ ਲੇਟ ਲੰਘੀ ਰਾਤ 12 ਵਜੇ ਪੁੱਜਿਆ। ਇਸ ਮੌਕੇ ਸਥਾਨਕ ਨਿਵਾਸੀਆਂ ਅਤੇ ਸੰਗਤ ਨੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਐੱਸ ਐੱਸ ਪੀ ਅਜੈ ਗਾਂਧੀ, ਏ ਡੀ ਸੀ (ਜ) ਜਸਪਿੰਦਰ ਸਿੰਘ, ਐੱਸ ਡੀ ਐੱਮ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹੇ ਦੇ ਚਾਰੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਡਾ. ਅਮਨਦੀਪ ਕੌਰ ਅਰੋੜਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਮਨਜੀਤ ਸਿੰਘ ਬਿਲਾਸਪੁਰ,
ਵੀ ਸ਼ਾਮਲ ਹੋਏ। ਆਗੂਆਂ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿਜਦਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਬਲੀਦਾਨ ਮਨੁੱਖਤਾ, ਧਰਮ ਅਤੇ ਅਨਿਆਂ ਦੇ ਵਿਰੁੱਧ ਖੜ੍ਹੇ ਹੋਣ ਦਾ ਸਦੀਵੀ ਪ੍ਰਤੀਕ ਹੈ। ਨਗਰ ਕੀਰਤਨ ਨੂੰ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਜੋਗਿੰਦਰ ਸਿੰਘ ਚੌਂਕ ਵਿਖੇ ਗਾਰਡ ਆਫ ਆਨਰ ਵੀ ਦਿੱਤਾ ਗਿਆ। ਸਵਾਗਤ ਤੇ ਸਲਾਮੀ ਤੋਂ ਬਾਅਦ ਨਗਰ ਕੀਰਤਨ ਬੁੱਘੀਪੁਰਾ ਚੌਕ ਤੋਂ ਹੋ ਕੇ ਮਟਵਾਣੀ, ਨਵਾਂ ਚੂਹੜਚੱਕ ਰਾਹੀਂ ਜਗਰਾਓਂ ਲਈ ਰਵਾਨਾ ਹੋ ਗਿਆ।
